
ਮਾਲੇਰਕੋਟਲਾ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਮਿਲੇਗਾ ਤੇ ਜ਼ਿਲ੍ਹੇ ਵਿਚ ਮੈਡੀਕਲ ਤੇ ਵੈਟਨਰੀ ਕਾਲਜ ਸਥਾਪਿਤ ਕੀਤਾ ਜਾਵੇਗਾ
ਅਮਰਗੜ੍ਹ, 04 ਅਕਤੂਬਰ (ਹਿੰ.ਸ.)| ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸਹੀ ਮੁੱਖ ਮੰਤਰੀ ਚੁਣਨ ਤਾਂ ਜੋ ਪੰਜਾਬ ਨੂੰ ਅੱਗੇ ਲਿਜਾਇਆ ਜਾ ਸਕੇ ਅਤੇ ਜ਼ੋਰ ਦੇ ਕੇ ਕਿਹਾ ਕਿ ਜੇਕ ਉਹ ਤੇਜ਼ ਰਫਤਾਰ ਵਿਕਾਸ ਦੇ ਨਾਲ-ਨਾਲ ਨਵੇਂ ਯੁੱਗ ਦੀ ਖੇਤੀਬਾੜੀ ਤੇ ਰੋਜ਼ਗਾਰ ਦੇ ਮਾਡਲ ਚਾਹੁੰਦੇ ਹਨ ਤਾਂ ਉਹ ਹੀ ਇਹ ਕਰਵਾ ਸਕਦੇ ਹਨ।
ਅਕਾਲੀ ਦਲ ਦੇ ਪ੍ਰਧਾਨ ਇਥੇ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਹਨਾਂ ਨਵੇਂ ਹਲਕਾ ਇੰਚਾਰਜ ਜੱਸੀ ਮਨਵੀ ਨੂੰ ਵਧਾਈ ਦਿੱਤੀ ਜਿਹਨਾਂ ਨੇ ਇਹ ਵਿਸ਼ਾਲ ਇਕੱਠ ਉਦੋਂ ਜੁਆਇਆ ਜਦੋਂ ਇਕਬਾਲ ਸਿੰਘ ਝੂੰਦਾਂ ਨੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ। ਉਹਨਾਂ ਨੇ ਅਮਰਗੜ੍ਹ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਜੱਸੀ ਦੀ ਜਿੱਤ ਯਕੀਨੀ ਬਣਾਉਣ।
ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਮਾਲੇਰਕੋਟਲਾ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦਿੱਤਾ ਜਾਵੇਗਾ ਅਤੇ ਜ਼ਿਲ੍ਹੇ ਵਿਚ ਇਕ ਮੈਡੀਕਲ ਤੇ ਇਕ ਵੈਟਨਰੀ ਕਾਲਜ ਸਥਾਪਿਤ ਕੀਤਾ ਜਾਵੇਗਾ। ਸਰਦਾਰ ਬਾਦਲ ਨੇ ਏਸ਼ੀਆਈ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਲਈ ਪੁਰਸ਼ ਤੇ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਵਿਚ ਐਸਟਰੋਟਰਫ ਵਾਲੇ ਮੈਦਾਨ ਬਣਾਉਣ ਸਦਕਾ ਹੀ ਇਹ ਸੰਭਵ ਹੋਇਆ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੂੰ ਅਜਿਹੇ ਮੁੱਖ ਮੰਤਰੀ ਦੀ ਜ਼ਰੂਰਤ ਹੈ ਜੋ ਆਪਣੇ ਕਹੇ ਮੁਤਾਬਕ ਵਾਅਦੇ ਨਿਭਾਵੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਭਗਵੰਤ ਮਾਨ ਨੇ ਤੁਹਾਨੂੰ ਫੇਲ੍ਹ ਕੀਤਾ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨਾ ਸਿਰਫ ਆਪਣੇ ਵਾਅਦਿਆਂ ਤੋਂ ਭੱਜ ਗਿਆ ਹੈ ਬਲਕਿ ਉਹ ਨਸ਼ਾ ਤਸਕਰੀ ਤੇ ਕਾਨੂੰਨ ਵਿਵਸਥਾ ਵਰਗੇ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਦੀ ਥਾਂ ਚੁਟਕਲੇ ਸੁਣਾ ਕੇ ਤੁਹਾਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਿਹਾ ਹੈ। ਉਹਨਾਂ ਕਿਹਾ ਕਿ 2027 ਵਿਚ ਸਿਖ਼ਰਲੀ ਕੁਰਸੀ ਦੇ ਦਾਅਵੇਦਾਰਾਂ ਦੀ ਗੰਭੀਰਤਾ ਉਹਨਾਂ ਦੇ ਦਾਅਵਿਆਂ ਵਿਚ ਝਲਕਦੀ ਹੈ। ਉਹਨਾਂ ਕਿਹਾ ਕਿ ਚਰਨਜੀਤ ਚੰਨੀ ਦਾਅਵੇ ਕਰਦਾ ਹੈ ਕਿ ਉਹ ਬੱਕਰੀਆਂ ਚੋਅ ਸਕਦਾ ਹੈ ਤੇ ਭਗਵੰਤ ਮਾਨ ਕਹਿੰਦਾ ਹੈ ਕਿ ਉਹ ਹਨੇਰੇ ਵਿਚ ਸਾਈਕਲ ਨੂੰ ਪੰਕਚਰ ਲਗਾ ਸਕਦਾ ਹੈ।
ਉਹਨਾਂ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਮੁੱਖ ਮੰਤਰੀ ਦਫਤਰ ਵਿਚ ਤਾਇਨਾਤੀਆਂ ਤੇ ਤਬਾਦਲਿਆਂ ਵਿਚ ਭ੍ਰਿਸ਼ਟਾਚਾਰ ਦੀ ਜਾਂਚ ਕਰ ਰਹੀ ਹੈ। ਮੁੱਖ ਮੰਤਰੀ ਦੀ ਪਤਨੀ ਜ਼ਬਰ ਜਨਾਹ ਦੇ ਮੁਲਜ਼ਮ ਨੂੰ ਛੁਡਵਾਉਣ ਵਾਸਤੇ 5 ਕਰੋੜ ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ ਵਿਚ ਘਿਰੀ ਹੋਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਈਮਾਨਦਾਰ ਮੁੱਖ ਮੰਤਰੀ ਐਲਾਨਣ ਲਈ 500 ਕਰੋੜ ਰੁਪਏ ਖਰਚ ਕਰਨ ਸਮੇਤ ਇਸ਼ਤਿਹਾਰਬਾਜ਼ੀ ’ਤੇ 6 ਹਜ਼ਾਰ ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕਿਸੇ ਮੁੱਖ ਮੰਤਰੀ ਨੂੰ ਆਪਣੇ ਆਪ ਨੂੰ ਈਮਾਨਦਾਰ ਘੋਸ਼ਤ ਕਰਨ ਦੀ ਲੋੜ ਨਹੀਂ ਹੁੰਦੀ।
ਸਰਦਾਰ ਬਾਦਲ ਨੇ ਇਹ ਗੱਲ ਵੀ ਕੀਤੀ ਕਿ ਕਿਵੇਂ ਮੁੱਖ ਮੰਤਰੀ ਨੇ ਇਸ ਇਲਾਕੇ ਦੇ ਪਿੰਡਾਂ ਵਿਚ ਵਿਕਾਸ ਵਾਸਤੇ ਹਰਾ ਪੈਨ ਵਰਤਣ ਦਾ ਭਰੋਸਾ ਦੇਣ ਦੇ ਬਾਵਜੂਦ ਇਲਾਕੇ ਨੂੰ ਅਣਡਿੱਠ ਕੀਤਾ। ਉਹਨਾਂ ਕਿਹਾ ਕਿ ਤੁਹਾਨੂੰ ਸਾਰੀਆਂ ਫਸਲਾਂ ’ਤੇ ਐਮ ਐਸ ਪੀ ਦੇਣ ਦਾ ਵਾਅਦਾ ਕਰ ਕੇ ਮੂਰਖ ਬਣਾਇਆ ਗਿਆ ਅਤੇ ਝੂਠਾ ਵਾਅਦਾ ਕੀਤਾ ਗਿਆ ਕਿ ਗਿਰਦਾਵਰੀ ਤੋਂ ਪਹਿਲਾਂ ਹੀ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਲੋਕਾਂ ਨੂੰ ਇਹ ਕਹਿ ਕੇ ਵੀ ਮੂਰਖ ਬਣਾਇਆ ਕਿ ਸੰਗਰੂਰ ਵਿਚ ਮੈਡੀਕਲ ਕਾਲਜ ਬਣਾਇਆ ਜਾ ਰਿਹਾ ਹੈ ਜਦੋਂ ਕਿ ਇਸਦਾ ਨੀਂਹ ਪੱਥਰ ਰੱਖਣ ਮਗਰੋਂ ਇਕ ਇੱਟ ਵੀ ਨਹੀਂ ਲੱਗੀ।
---------------
ਹਿੰਦੂਸਥਾਨ ਸਮਾਚਾਰ / ਸੰਜੀਵ