
ਪ੍ਰਧਾਨ ਮੰਤਰੀ ਮੋਦੀ ਦੇ ਜਨਤਕ ਜੀਵਨ ਦੇ 25 ਸਾਲ ਭਾਰਤੀ ਲੋਕਤੰਤਰ ਦਾ ਸੁਨਹਿਰੀ ਅਧਿਆਇ: ਅਮਿਤ ਸ਼ਾਹ ਨਾਇਬ ਸਿੰਘ ਸੈਣੀ ਨੇ ਮਸ਼ਾਲ ਨੌਜਵਾਨਾਂ ਨੂੰ ਸੌਂਪ ਕੇ ਵਿਕਸਿਤ ਭਾਰਤ ਲਈ ਸਰਗਰਮ ਭੂਮਿਕਾ ਦਾ ਦਿੱਤਾ ਸੱਦਾਚੰਡੀਗੜ੍ਹ, 07 ਅਕਤੂਬਰ (ਹਿੰ.ਸ.)| ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਗੁਰੂਗ੍ਰਾਮ ਵਿੱਚ ‘ਵਿਕਸਿਤ ਭਾਰਤ ਸੰਕਲਪ ਜੋਤ ਯਾਤਰਾ’ ਦਾ ਸ਼ੁਭਆਰੰਭ ਕੀਤਾ। ਸੇਵਾ ਸੰਕਲਪ ਮੁਹਿੰਮ ਤਹਿਤ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਅਮਿਤ ਸ਼ਾਹ ਨੇ ਯਾਤਰਾ ਦੀ ਮਸ਼ਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸੌਂਪੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਮਸ਼ਾਲ ਨੌਜਵਾਨਾਂ ਨੂੰ ਸੌਂਪਦਿਆਂ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਰਗਰਮ ਯੋਗਦਾਨ ਪਾਉਣ ਦਾ ਸੱਦਾ ਦਿੱਤਾ।ਗੁਰੂਗ੍ਰਾਮ ਦੇ ਸਿਗਨੇਚਰ ਟਾਵਰ ਨੇੜੇ ਹੋਏ ਸਮਾਗਮ ਵਿੱਚ ਹਜ਼ਾਰਾਂ ਨੌਜਵਾਨਾਂ ਅਤੇ ਜਨ-ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਦੇ 25 ਸਾਲ ਪੂਰੇ ਹੋਣ ਸਬੰਧੀ ਉਨ੍ਹਾਂ ਦਾ ਸੰਬੋਧਨ ਵੀ ਲਾਈਵ ਸੁਣਿਆ ਗਿਆ। ਪ੍ਰਧਾਨ ਮੰਤਰੀ ਨੇ ਸੇਵਾ, ਸੁਸ਼ਾਸਨ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਸਮਰਪਣ ਦੇ ਨਾਲ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਜਨਭਾਗੀਦਾਰੀ ਦਾ ਸੱਦਾ ਦਿੱਤਾ।ਸਮਾਗਮ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਦੇ 25 ਸਾਲ ਪੂਰੇ ਹੋਣਾ ਭਾਰਤੀ ਲੋਕਤੰਤਰ ਦੇ ਇਤਿਹਾਸ ਦਾ ਸੁਨਹਿਰੀ ਅਤੇ ਯੁੱਗ-ਪਲਟਾਊ ਅਧਿਆਇ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 25 ਸਾਲਾਂ ਦੌਰਾਨ ਮੋਦੀ ਨੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ ਦੇਸ਼ ਅਤੇ ਕਰੋੜਾਂ ਨਾਗਰਿਕਾਂ ਦੀ ਸੇਵਾ ਕੀਤੀ ਹੈ।ਅਮਿਤ ਸ਼ਾਹ ਨੇ ਕਿਹਾ ਕਿ 7 ਅਕਤੂਬਰ ਦਾ ਦਿਨ ਭਾਰਤੀ ਲੋਕਤੰਤਰ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇੱਕ ਗਰੀਬ ਪਰਿਵਾਰ ਵਿੱਚ ਜਨਮੇ ਵਿਅਕਤੀ ਨੇ ਆਪਣੀ ਸਮਰੱਥਾ ਅਤੇ ਲੋਕਾਂ ਨੂੰ ਨਾਲ ਲੈ ਕੇ 25 ਸਾਲਾਂ ਤੱਕ ਦੇਸ਼ ਦੀ ਅਗਵਾਈ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੀ ਅਗਵਾਈ ਹੇਠ ਪਿਛਲੇ 25 ਸਾਲਾਂ ਵਿੱਚ ਗਰੀਬੀ ਹਟਾਉਣ, ਸੁਰੱਖਿਅਤ ਭਾਰਤ, ਧਾਰਾ 370 ਹਟਾਉਣ, ਨਕਸਲਵਾਦ ਦੇ ਖਾਤਮੇ, ਅਯੁੱਧਿਆ ਵਿੱਚ ਰਾਮ ਮੰਦਰ ਅਤੇ ਕਾਸ਼ੀ ਵਿਸ਼ਵਨਾਥ ਧਾਮ ਦੇ ਨਿਰਮਾਣ ਸਮੇਤ ਕਈ ਮਹੱਤਵਪੂਰਨ ਉਪਲਬਧੀਆਂ ਹਾਸਲ ਹੋਈਆਂ ਹਨ।ਉਨ੍ਹਾਂ ਕਿਹਾ ਕਿ ਗਰੀਬ ਭਲਾਈ ਦੀਆਂ ਯੋਜਨਾਵਾਂ ਰਾਹੀਂ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਵਿੱਚ ਸਫਲਤਾ ਮਿਲੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ‘ਸੇਵਾ ਜੋਤ ਯਾਤਰਾ’ ਦਾ ਉਦੇਸ਼ ਪ੍ਰਧਾਨ ਮੰਤਰੀ ਦੇ 25 ਸਾਲਾਂ ਦੇ ਸੇਵਾ ਅਤੇ ਸਮਰਪਣ ਨੂੰ ਜਨਭਾਗੀਦਾਰੀ ਰਾਹੀਂ ਯਾਦ ਕਰਨਾ ਅਤੇ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਨਾਲ ਜੋੜਨਾ ਹੈ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ਅਤੇ ਸੂਬੇ ਦਾ ਵਿਕਾਸ ਤਦ ਹੀ ਸਾਰਥਕ ਹੈ, ਜਦੋਂ ਹਰ ਵਿਅਕਤੀ ਤੱਕ ਬਿਹਤਰ ਸਹੂਲਤਾਂ ਪਹੁੰਚਣ ਅਤੇ ਲੋਕਾਂ ਦਾ ਜੀਵਨ ਸੁਖੀ ਤੇ ਸਮਰੱਥ ਬਣੇ। ਸਮਾਗਮ ਵਿੱਚ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ, ਸਮ੍ਰਿਤੀ ਇਰਾਨੀ, ਹਰਿਆਣਾ ਦੇ ਮੰਤਰੀ ਰਾਓ ਨਰਬੀਰ ਸਿੰਘ, ਗੌਰਵ ਗੌਤਮ, ਭਾਜਪਾ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਕਈ ਪਤਵੰਤੇ ਮੌਜੂਦ ਰਹੇ।
ਹਿੰਦੂਸਥਾਨ ਸਮਾਚਾਰ / GURSHARAN SINGH