ਅੰਮ੍ਰਿਤਸਰ ’ਚ ਗੈਰ-ਕਾਨੂੰਨੀ ਰੇਤ ਖਣਨ ਦਾ ਪਰਦਾਫਾਸ਼: ਮੰਤਰੀ ਬਰਿੰਦਰ ਕੁਮਾਰ ਗੋਇਲ
ਕੋਟ ਸਿੱਧੂ ’ਚ ਛਾਪੇਮਾਰੀ ਦੌਰਾਨ 3 ਜੇਸੀਬੀ ਤੇ 7 ਟਿੱਪਰ ਕਾਬੂ; ਲੁਧਿਆਣਾ ’ਚ ਬਿਨਾਂ ਨੰਬਰ ਪਲੇਟ ਵਾਲਾ ਰੇਤ ਨਾਲ ਭਰਿਆ ਟਿੱਪਰ ਫੜਿਆ ਅੰਮ੍ਰਿਤਸਰ, 07 ਅਕਤੂਬਰ (ਹਿੰ.ਸ.)| ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਚਲਾਈ ਜਾ ਰਹੀ ਮੁ
ਮੰਤਰੀ ਬਰਿੰਦਰ ਕੁਮਾਰ ਗੋਇਲ


ਕੋਟ ਸਿੱਧੂ ’ਚ ਛਾਪੇਮਾਰੀ ਦੌਰਾਨ 3 ਜੇਸੀਬੀ ਤੇ 7 ਟਿੱਪਰ ਕਾਬੂ; ਲੁਧਿਆਣਾ ’ਚ ਬਿਨਾਂ ਨੰਬਰ ਪਲੇਟ ਵਾਲਾ ਰੇਤ ਨਾਲ ਭਰਿਆ ਟਿੱਪਰ ਫੜਿਆ

ਅੰਮ੍ਰਿਤਸਰ, 07 ਅਕਤੂਬਰ (ਹਿੰ.ਸ.)| ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਗੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਖਣਨ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਦੇਰ ਰਾਤ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਲੋਪੋਕੇ ਦੇ ਪਿੰਡ ਕੋਟ ਸਿੱਧੂ ਵਿਖੇ ਛਾਪੇਮਾਰੀ ਕਰਕੇ ਗੈਰ-ਕਾਨੂੰਨੀ ਰੇਤ ਖਣਨ ਦਾ ਪਰਦਾਫਾਸ਼ ਕੀਤਾ ਹੈ।

ਮੰਤਰੀ ਮੁਤਾਬਕ ਛਾਪੇਮਾਰੀ ਦੌਰਾਨ ਮੌਕੇ ’ਤੇ ਗੈਰ-ਕਾਨੂੰਨੀ ਮਾਈਨਿੰਗ ਵਿੱਚ ਵਰਤੀਆਂ ਜਾ ਰਹੀਆਂ ਤਿੰਨ ਜੇਸੀਬੀ ਮਸ਼ੀਨਾਂ ਅਤੇ ਸੱਤ ਟਿੱਪਰ ਟਰੱਕਾਂ ਦੀ ਪਛਾਣ ਕੀਤੀ ਗਈ। ਇਨ੍ਹਾਂ ਵਿੱਚ ਦੋ ਜੇਸੀਬੀ ਦੇ ਚੈਸੀ ਨੰਬਰ ਦਰਜ ਸਨ, ਜਦਕਿ ਇੱਕ ਜੇਸੀਬੀ ਬਿਨਾਂ ਨੰਬਰ ਦੇ ਸੀ। ਇਸੇ ਤਰ੍ਹਾਂ ਮੌਕੇ ਤੋਂ ਸੱਤ ਟਿੱਪਰ ਵੀ ਮਿਲੇ, ਜਿਨ੍ਹਾਂ ਦੇ ਨੰਬਰ ਪੁਲਿਸ ਜਾਂਚ ਵਿੱਚ ਦਰਜ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ‘ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ, 1957’ ਦੀ ਧਾਰਾ 21(1) ਤਹਿਤ ਥਾਣਾ ਭਿੰਦੀ ਸੈਦਾਂ ਵਿਖੇ ਐਫਆਈਆਰ ਨੰਬਰ 0160/2026 ਦਰਜ ਕੀਤੀ ਗਈ ਹੈ। ਪੁਲਿਸ ਵੱਲੋਂ ਜ਼ਮੀਨ ਮਾਲਕਾਂ ਅਤੇ ਮਸ਼ੀਨਾਂ ਤੇ ਵਾਹਨਾਂ ਦੇ ਮਾਲਕਾਂ ਦੀ ਪਛਾਣ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਖਣਨ ਵਿਭਾਗ ਲੁਧਿਆਣਾ ਵੱਲੋਂ ਵੀ ਸਿੱਧਵਾਂ ਬੇਟ ਖੇਤਰ ਤੋਂ ਆ ਰਹੇ ਰੇਤ ਨਾਲ ਭਰੇ ਇੱਕ ਟਿੱਪਰ ਨੂੰ ਰਾਤ ਸਮੇਂ ਰੋਕ ਕੇ ਜਾਂਚ ਕੀਤੀ ਗਈ। ਜਾਂਚ ਦੌਰਾਨ ਟਿੱਪਰ ’ਤੇ ਕੋਈ ਨੰਬਰ ਪਲੇਟ ਨਾ ਲੱਗੀ ਹੋਣ ਦਾ ਪਤਾ ਲੱਗਾ। ਵਿਭਾਗ ਨੇ ਟਿੱਪਰ ਨੂੰ ਥਾਣਾ ਸਿੱਧਵਾਂ ਬੇਟ ਦੇ ਹਵਾਲੇ ਕਰ ਦਿੱਤਾ। ਇਸ ਮਾਮਲੇ ਵਿੱਚ 6 ਅਕਤੂਬਰ ਨੂੰ ਐਫਆਈਆਰ ਨੰਬਰ 283 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਮੰਤਰੀ ਨੇ ਦੱਸਿਆ ਕਿ 6 ਅਕਤੂਬਰ 2026 ਤੱਕ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਸੂਬੇ ਭਰ ਵਿੱਚ 247 ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਨਿਯਮ 74 ਅਤੇ 75 ਤਹਿਤ 598 ਚਲਾਨ ਜਾਰੀ ਕੀਤੇ ਗਏ ਹਨ। ਇਸ ਕਾਰਵਾਈ ਦੌਰਾਨ 7.92 ਕਰੋੜ ਰੁਪਏ ਤੋਂ ਵੱਧ ਦੇ ਜੁਰਮਾਨੇ ਲਗਾਏ ਗਏ ਹਨ, ਜਿਸ ਵਿੱਚੋਂ 7.69 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਹੋ ਚੁੱਕੀ ਹੈ।

ਜ਼ਿਲ੍ਹਾ-ਵਾਰ ਅੰਕੜਿਆਂ ਮੁਤਾਬਕ ਅੰਮ੍ਰਿਤਸਰ ਵਿੱਚ 16 ਐਫਆਈਆਰ ਅਤੇ 25 ਚਲਾਨਾਂ ਤਹਿਤ 46.87 ਲੱਖ ਰੁਪਏ ਦੇ ਜੁਰਮਾਨੇ ਲਗਾਏ ਗਏ, ਜਿਸ ਵਿੱਚੋਂ 42.79 ਲੱਖ ਰੁਪਏ ਵਸੂਲੇ ਜਾ ਚੁੱਕੇ ਹਨ। ਹੁਸ਼ਿਆਰਪੁਰ ਵਿੱਚ 20 ਐਫਆਈਆਰ ਅਤੇ 84 ਚਲਾਨਾਂ ਤਹਿਤ 129.39 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਅਤੇ 125.81 ਲੱਖ ਰੁਪਏ ਵਸੂਲੇ ਗਏ।

ਪਠਾਨਕੋਟ ਵਿੱਚ 5 ਐਫਆਈਆਰ ਅਤੇ 101 ਚਲਾਨਾਂ ਤਹਿਤ 176.89 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਅਤੇ ਪੂਰੀ ਰਕਮ ਵਸੂਲ ਕੀਤੀ ਜਾ ਚੁੱਕੀ ਹੈ। ਗੁਰਦਾਸਪੁਰ ਵਿੱਚ ਸਭ ਤੋਂ ਵੱਧ 55 ਐਫਆਈਆਰ ਦਰਜ ਹੋਈਆਂ ਅਤੇ 24 ਚਲਾਨ ਕੀਤੇ ਗਏ, ਜਿਨ੍ਹਾਂ ਤਹਿਤ 39.57 ਲੱਖ ਰੁਪਏ ਦਾ ਜੁਰਮਾਨਾ ਲਗਾ ਕੇ ਪੂਰੀ ਰਕਮ ਵਸੂਲ ਕੀਤੀ ਗਈ।

ਐਸਏਐਸ ਨਗਰ ਵਿੱਚ 27 ਐਫਆਈਆਰ ਅਤੇ 67 ਚਲਾਨਾਂ ਤਹਿਤ 87.95 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ, ਜਿਸ ਵਿੱਚੋਂ 82.86 ਲੱਖ ਰੁਪਏ ਵਸੂਲੇ ਗਏ। ਸ੍ਰੀ ਅਨੰਦਪੁਰ ਸਾਹਿਬ ਵਿੱਚ 32 ਐਫਆਈਆਰ ਅਤੇ 30 ਚਲਾਨਾਂ ਤਹਿਤ 52.99 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਅਤੇ 48.91 ਲੱਖ ਰੁਪਏ ਵਸੂਲੇ ਜਾ ਚੁੱਕੇ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande