
ਅਣਪਛਾਤੇ ਵਿਅਕਤੀ ਟਰਾਲਾ ਲੈ ਕੇ ਹੋਏ ਫ਼ਰਾਰ, ਥਾਣਾ ਹਰੀਕੇ ਪੁਲਿਸ ਨੇ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਸ਼ੁਰੂ
ਤਰਨਤਾਰਨ, 13 ਨਵੰਬਰ (ਹਿੰ.ਸ.)| ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰਸਤਾ ਰਤਾ ਗੂਦਾ ਦੀ ਦਾਣਾ ਮੰਡੀ ਵਿੱਚੋਂ ਬੀਤੀ ਰਾਤ ਇੱਕ ਟਰਾਲਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਹ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਕੁਝ ਅਣਪਛਾਤੇ ਵਿਅਕਤੀ ਟਰਾਲਾ ਲੈ ਕੇ ਜਾਂਦੇ ਦਿਖਾਈ ਦੇ ਰਹੇ ਹਨ। ਥਾਣਾ ਹਰੀਕੇ ਦੀ ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਾਜ਼ੀਕੋਟ ਵਾਸੀ ਡਰਾਈਵਰ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਖਾਕੀ ਰੰਗ ਦਾ ਟਰਾਲਾ ਰਾਤ ਸਮੇਂ ਦਾਣਾ ਮੰਡੀ ਵਿੱਚ ਖੜ੍ਹਾ ਕੀਤਾ ਸੀ। ਟਰੈਕਟਰ ਪਿੱਛੇ ਲੱਗਣ ਵਾਲੇ ਇਸ ਟਰਾਲੇ ’ਤੇ ‘ਨੂਰ ਮੋਟਰਜ਼’ ਲਿਖਿਆ ਹੋਇਆ ਹੈ ਅਤੇ ਇਸ ਦਾ ਰਜਿਸਟ੍ਰੇਸ਼ਨ ਨੰਬਰ ਪੀਬੀ 04 ਏਈ 7475 ਹੈ।
ਰਾਜਬੀਰ ਸਿੰਘ ਅਨੁਸਾਰ, ਜਦੋਂ ਉਹ ਸਵੇਰੇ ਮੌਕੇ ’ਤੇ ਪਹੁੰਚੇ ਤਾਂ ਟਰਾਲਾ ਉੱਥੋਂ ਗਾਇਬ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ, ਜਿਸ ਵਿੱਚ ਅਣਪਛਾਤੇ ਵਿਅਕਤੀ ਟਰਾਲਾ ਲੈ ਕੇ ਜਾਂਦੇ ਦਿਖਾਈ ਦਿੱਤੇ। ਟਰਾਲੇ ਦੇ ਮਾਲਕ ਲਖਬੀਰ ਸਿੰਘ ਪੁੱਤਰ ਅਮਰੀਕ ਸਿੰਘ, ਵਾਸੀ ਮਾਣੇਕੇ, ਜ਼ਿਲ੍ਹਾ ਤਰਨਤਾਰਨ ਵੱਲੋਂ ਥਾਣਾ ਹਰੀਕੇ ਵਿਖੇ ਚੋਰੀ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਡੀਐੱਸਪੀ ਪੱਟੀ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਚੋਰੀ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਚੋਰੀ ਹੋਇਆ ਟਰਾਲਾ ਜਲਦ ਬਰਾਮਦ ਕਰ ਲਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH