ਭਾਰਤ-ਪਾਕਿ ਸਰਹੱਦ ਨੇੜਿਓਂ 508 ਗ੍ਰਾਮ ਹੈਰੋਇਨ ਅਤੇ ਮੋਬਾਈਲ ਫੋਨ ਬਰਾਮਦ
ਬੀਐੱਸਐੱਫ ਦੀ 115ਵੀਂ ਬਟਾਲੀਅਨ ਵੱਲੋਂ ਚੀਮਾ ਪਿੰਡ ਨੇੜੇ ਖੇਤਾਂ ’ਚ ਤਲਾਸ਼ੀ ਮੁਹਿੰਮ; ਡਰੋਨ ਰਾਹੀਂ ਨਸ਼ੇ ਦੀ ਖੇਪ ਸੁੱਟੇ ਜਾਣ ਦਾ ਖਦਸ਼ਾ ਤਰਨਤਾਰਨ, 15 ਨਵੰਬਰ (ਹਿੰ.ਸ.)| ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਤਲਾਸ਼ੀ ਮੁਹਿੰਮ ਦੌਰਾਨ 508 ਗ੍ਰਾਮ ਹੈਰੋਇਨ,
ਭਾਰਤ-ਪਾਕਿ ਸਰਹੱਦ ਨੇੜਿਓਂ 508 ਗ੍ਰਾਮ ਹੈਰੋਇਨ ਅਤੇ ਮੋਬਾਈਲ ਫੋਨ ਬਰਾਮਦ


ਬੀਐੱਸਐੱਫ ਦੀ 115ਵੀਂ ਬਟਾਲੀਅਨ ਵੱਲੋਂ ਚੀਮਾ ਪਿੰਡ ਨੇੜੇ ਖੇਤਾਂ ’ਚ ਤਲਾਸ਼ੀ ਮੁਹਿੰਮ; ਡਰੋਨ ਰਾਹੀਂ ਨਸ਼ੇ ਦੀ ਖੇਪ ਸੁੱਟੇ ਜਾਣ ਦਾ ਖਦਸ਼ਾ

ਤਰਨਤਾਰਨ, 15 ਨਵੰਬਰ (ਹਿੰ.ਸ.)| ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਤਲਾਸ਼ੀ ਮੁਹਿੰਮ ਦੌਰਾਨ 508 ਗ੍ਰਾਮ ਹੈਰੋਇਨ, 46 ਗ੍ਰਾਮ ਪੈਕਿੰਗ ਸਮੱਗਰੀ ਅਤੇ ਇੱਕ ਟੱਚ ਮੋਬਾਈਲ ਫੋਨ ਬਰਾਮਦ ਕੀਤਾ ਹੈ। ਮੁੱਢਲੀ ਜਾਂਚ ਵਿੱਚ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਨਸ਼ੇ ਦੀ ਇਹ ਖੇਪ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਸੁੱਟੀ ਗਈ ਹੋ ਸਕਦੀ ਹੈ।

ਜਾਣਕਾਰੀ ਅਨੁਸਾਰ, ਬੀਐੱਸਐੱਫ ਦੀ 115ਵੀਂ ਬਟਾਲੀਅਨ ਦੇ ਜਵਾਨਾਂ ਨੇ 15 ਨਵੰਬਰ ਨੂੰ ਸਰਾਏ ਅਮਾਨਤ ਖਾਂ ਸੈਕਟਰ ਅਧੀਨ ਪੈਂਦੇ ਪਿੰਡ ਚੀਮਾ ਨੇੜੇ ਖੇਤਾਂ ਵਿੱਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਗਸ਼ਤ ਕਰ ਰਹੇ ਜਵਾਨਾਂ ਨੂੰ ਖੇਤ ਵਿੱਚ ਪੀਲੇ ਰੰਗ ਦਾ ਇੱਕ ਲਿਫ਼ਾਫ਼ਾ ਮਿਲਿਆ। ਬੀਓਪੀ ਹਵੇਲੀਆਂ ਦੇ ਕਮਾਂਡਰ ਖਾਨ ਸੋਈ ਅਤੇ ਬਟਾਲੀਅਨ ਦੇ ਜਵਾਨਾਂ ਨੇ ਜਦੋਂ ਸ਼ੱਕੀ ਪੈਕੇਟ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ 508 ਗ੍ਰਾਮ ਹੈਰੋਇਨ, 46 ਗ੍ਰਾਮ ਪੈਕਿੰਗ ਸਮੱਗਰੀ ਅਤੇ ਇੱਕ ਟੱਚ ਮੋਬਾਈਲ ਫੋਨ ਬਰਾਮਦ ਹੋਇਆ।

ਬਰਾਮਦਗੀ ਦੀ ਸੂਚਨਾ ਮਿਲਣ ’ਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਟੀਮ ਅਤੇ ਏਐੱਸਆਈ ਮੰਗਲ ਸਿੰਘ ਮੌਕੇ ’ਤੇ ਪਹੁੰਚੇ। ਪੁਲਿਸ ਨੇ ਹੈਰੋਇਨ ਸਮੇਤ ਸਾਰਾ ਸਾਮਾਨ ਕਬਜ਼ੇ ਵਿੱਚ ਲੈ ਲਿਆ।

ਇਸ ਮਾਮਲੇ ਸਬੰਧੀ ਪੁਲਿਸ ਨੇ ਕੇਸ ਨੰਬਰ 153 ਦਰਜ ਕਰਦਿਆਂ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ 21, 61 ਅਤੇ 85 ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25, 26 ਅਤੇ 29 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਬਰਾਮਦ ਕੀਤੇ ਮੋਬਾਈਲ ਫੋਨ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਸਰਹੱਦ ਪਾਰੋਂ ਇਹ ਖੇਪ ਕਿਸ ਨੇ ਮੰਗਵਾਈ ਸੀ ਅਤੇ ਇਸ ਨੂੰ ਅੱਗੇ ਕਿੱਥੇ ਪਹੁੰਚਾਇਆ ਜਾਣਾ ਸੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande