
ਚੰਡੀਗੜ੍ਹ, 15 ਨਵੰਬਰ (ਹਿੰ.ਸ.)| ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਸ੍ਰੀਮਦ ਭਗਵਦ ਗੀਤਾ ਰਾਹੀਂ ਮਨੁੱਖਤਾ ਨੂੰ ਕਰਮ, ਕਰਤੱਵ ਅਤੇ ਲੋਕ ਭਲਾਈ ਦਾ ਮਾਰਗ ਦਿਖਾਇਆ, ਜਦਕਿ ਭਗਵਾਨ ਬਿਰਸਾ ਮੁੰਡਾ ਨੇ ਆਪਣੇ ਜੀਵਨ ਅਤੇ ਸੰਘਰਸ਼ ਰਾਹੀਂ ਸਵੈ-ਮਾਣ, ਏਕਤਾ ਅਤੇ ਆਪਣੀ ਧਰਤੀ ਤੇ ਸੱਭਿਆਚਾਰ ਦੀ ਰੱਖਿਆ ਦਾ ਸੰਦੇਸ਼ ਦਿੱਤਾ। ਦੋਵਾਂ ਮਹਾਂਪੁਰਖਾਂ ਦੇ ਵਿਚਾਰ ਅੱਜ ਵੀ ਸਮਾਜ ਲਈ ਪ੍ਰੇਰਨਾ ਦਾ ਸਰੋਤ ਹਨ।
ਮੁੱਖ ਮੰਤਰੀ ਐਤਵਾਰ ਨੂੰ ਪੰਚਕੂਲਾ ਵਿਖੇ ਸ੍ਰੀ ਕ੍ਰਿਸ਼ਨ ਕ੍ਰਿਪਾ ਧਾਮ ਦੇ ਭਵਨ ਦਾ ਨੀਂਹ ਪੱਥਰ ਰੱਖਣ ਅਤੇ ਜਨਜਾਤੀ ਗੌਰਵ ਦਿਵਸ ਮੌਕੇ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਸਬੰਧੀ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਧਾਮ ਦੇ ਨਿਰਮਾਣ ਕਾਰਜ ਲਈ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ 31 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਰਾਸ਼ਟਰੀ ਪੱਧਰ ’ਤੇ ਕਰਵਾਏ ਗਏ ਜਨਜਾਤੀ ਗੌਰਵ ਦਿਵਸ ਸਮਾਗਮ ਨਾਲ ਆਨਲਾਈਨ ਜੁੜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਵੀ ਸੁਣਿਆ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ੍ਰੀ ਕ੍ਰਿਸ਼ਨ ਕ੍ਰਿਪਾ ਧਾਮ ਦੇ ਰੂਪ ਵਿੱਚ ਪੰਚਕੂਲਾ ਦੀ ਪਵਿੱਤਰ ਧਰਤੀ ’ਤੇ ਸਿਰਫ਼ ਇਕ ਇਮਾਰਤ ਨਹੀਂ, ਸਗੋਂ ਇਕ ਅਜਿਹੇ ਅਧਿਆਤਮਿਕ ਕੇਂਦਰ ਦੀ ਨੀਂਹ ਰੱਖੀ ਗਈ ਹੈ, ਜਿੱਥੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਸਕਾਰ, ਸੇਵਾ, ਸਮਰਪਣ ਅਤੇ ਭਗਵਦ ਗੀਤਾ ਦਾ ਗਿਆਨ ਮਿਲੇਗਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਭਵਨ ਸ਼ਰਧਾ ਅਤੇ ਸੰਸਕਾਰਾਂ ਦੇ ਆਧਾਰ ’ਤੇ ਇਕ ਮਹੱਤਵਪੂਰਨ ਤੀਰਥ ਸਥਾਨ ਵਜੋਂ ਵਿਕਸਤ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਗੀਤਾ ਦੇ ਸੰਦੇਸ਼ ਨੂੰ ਕੁਰੂਕਸ਼ੇਤਰ ਤੋਂ ਵਿਸ਼ਵ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੈ। ਇਸ ਕਾਰਜ ਵਿੱਚ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ ਦਾ ਵੀ ਅਹਿਮ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਚਿੰਤਾਵਾਂ ਭਰੇ ਦੌਰ ਵਿੱਚ ਗੀਤਾ ਮਨੁੱਖ ਨੂੰ ਧੀਰਜ, ਵਿਵੇਕ ਅਤੇ ਨਿਰੰਤਰ ਕਰਮ ਕਰਨ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਕਾਮਨਾ ਕੀਤੀ ਕਿ ਸ੍ਰੀ ਕ੍ਰਿਸ਼ਨ ਕ੍ਰਿਪਾ ਧਾਮ ਤੋਂ ਮਿਲਣ ਵਾਲਾ ਅਧਿਆਤਮਿਕ ਸੰਦੇਸ਼ ਪੰਚਕੂਲਾ ਤੋਂ ਪੂਰੇ ਹਰਿਆਣਾ ਅਤੇ ਦੇਸ਼ ਵਿੱਚ ਫੈਲੇ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਨੂੰ ਜਨਜਾਤੀ ਗੌਰਵ ਦਿਵਸ ਵਜੋਂ ਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਉਣਾ ਮਾਣ ਵਾਲੀ ਗੱਲ ਹੈ। ਸਾਲ 2021 ਤੋਂ ਹਰ ਸਾਲ 15 ਨਵੰਬਰ ਨੂੰ ਇਹ ਦਿਵਸ ਮਨਾਇਆ ਜਾ ਰਿਹਾ ਹੈ, ਤਾਂ ਜੋ ਜਨਜਾਤੀ ਨਾਇਕਾਂ ਦੀਆਂ ਕੁਰਬਾਨੀਆਂ ਅਤੇ ਜਨਜਾਤੀ ਸਮਾਜ ਦੇ ਦੇਸ਼ ਲਈ ਯੋਗਦਾਨ ਨੂੰ ਸਤਿਕਾਰ ਨਾਲ ਯਾਦ ਕੀਤਾ ਜਾ ਸਕੇ। ਉਨ੍ਹਾਂ ਇਸ ਪਹਿਲਕਦਮੀ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ।
ਹਿੰਦੂਸਥਾਨ ਸਮਾਚਾਰ / GURSHARAN SINGH