ਪੰਜਾਬ ਅੱਜ ਆਰਥਿਕ, ਸਮਾਜਿਕ ਅਤੇ ਪ੍ਰਸ਼ਾਸਨਿਕ ਪੱਧਰ 'ਤੇ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ : ਡਾ. ਕਰੀਮਪੁਰੀ
26 ਨਵੰਬਰ ਨੂੰ ਸੰਵਿਧਾਨ ਦਿਵਸ ਮੌਕੇ ਫਿਲੌਰ ਵਿਖੇ ਹੋਵੇਗੀ ਬਸਪਾ ਦੀ ਇਤਿਹਾਸਕ 'ਪੰਜਾਬ ਸੰਭਾਲੋ ਰੈਲੀ'
ਬਸਪਾ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ


ਆਦਮਪੁਰ, 18 ਨਵੰਬਰ (ਹਿੰ.ਸ.)। ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਵਿੱਢੀ ਗਈ 'ਪੰਜਾਬ ਸੰਭਾਲੋ ਮੁਹਿੰਮ' ਨੂੰ ਹੋਰ ਪ੍ਰਚੰਡ ਕਰਨ ਲਈ ਵਿਧਾਨ ਸਭਾ ਹਲਕਾ ਆਦਮਪੁਰ ਦੀ ਵਿਸ਼ੇਸ਼ ਅਤੇ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੂੰ 26 ਨਵੰਬਰ ਨੂੰ ਸੰਵਿਧਾਨ ਦਿਵਸ ਮੌਕੇ ਫਿਲੌਰ ਵਿਖੇ ਹੋਣ ਵਾਲੀ ਵਿਸ਼ਾਲ 'ਪੰਜਾਬ ਸੰਭਾਲੋ ਰੈਲੀ' ਵਿੱਚ ਵੱਡੇ ਕਾਫ਼ਲਿਆਂ ਸਮੇਤ ਪਹੁੰਚਣ ਦਾ ਸੱਦਾ ਦਿੱਤਾ।ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਦੱਸਿਆ ਕਿ 26 ਨਵੰਬਰ ਦਾ ਦਿਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਵੱਲੋਂ ਦਿੱਤੇ ਗਏ ਸੰਵਿਧਾਨ ਨੂੰ ਸਮਰਪਿਤ ਹੈ। ਇਸ ਇਤਿਹਾਸਕ ਦਿਹਾੜੇ ਮੌਕੇ ਫਿਲੌਰ ਦੀ ਧਰਤੀ 'ਤੇ ਹੋਣ ਜਾ ਰਹੀ 'ਪੰਜਾਬ ਸੰਭਾਲੋ ਰੈਲੀ' ਵਿੱਚ ਬਸਪਾ ਦੇ ਨੈਸ਼ਨਲ ਕਨਵੀਨਰ ਆਕਾਸ਼ ਆਨੰਦ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਉਨ੍ਹਾਂ ਅੱਗੇ ਕਿਹਾ ਕਿ ਅੱਜ ਪੰਜਾਬ ਆਰਥਿਕ, ਸਮਾਜਿਕ ਅਤੇ ਪ੍ਰਸ਼ਾਸਨਿਕ ਪੱਧਰ 'ਤੇ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਮੌਜੂਦਾ ਅਤੇ ਪਿਛਲੀਆਂ ਸਰਕਾਰਾਂ ਦੀਆਂ ਲੋਕ-ਮਾਰੂ ਨੀਤੀਆਂ ਕਾਰਨ ਸੂਬੇ ਦਾ ਹਰ ਵਰਗ ਕਿਸਾਨ, ਮਜ਼ਦੂਰ, ਮੁਲਾਜ਼ਮ, ਵਪਾਰੀ ਅਤੇ ਨੌਜਵਾਨ ਪਰੇਸ਼ਾਨ ਹੈ। ਪੰਜਾਬ ਨੂੰ ਇਸ ਬਦਹਾਲੀ ਵਿੱਚੋਂ ਕੱਢਣ ਅਤੇ ਸੰਵਿਧਾਨਕ ਹੱਕਾਂ ਦੀ ਰਾਖੀ ਕਰਨ ਲਈ ਬਸਪਾ ਦੀ 'ਪੰਜਾਬ ਸੰਭਾਲੋ ਮੁਹਿੰਮ' ਲੋਕਾਂ ਦੀ ਆਵਾਜ਼ ਬਣ ਚੁੱਕੀ ਹੈ। ਡਾ. ਕਰੀਮਪੁਰੀ ਨੇ ਹਲਕਾ ਆਦਮਪੁਰ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਲਾਮਬੰਦ ਕਰਨ ਤਾਂ ਜੋ ਆਦਮਪੁਰ ਹਲਕੇ ਤੋਂ ਰਿਕਾਰਡ ਤੋੜ ਇਕੱਠ ਫਿਲੌਰ ਰੈਲੀ ਵਿੱਚ ਸ਼ਾਮਲ ਹੋ ਸਕੇ।ਇਸ ਮੌਕੇ ਸੂਬਾ ਜਨਰਲ ਸਕੱਤਰ, ਜ਼ੋਨ ਇੰਚਾਰਜ ਅਤੇ ਹਲਕਾ ਆਦਮਪੁਰ ਦੇ ਇੰਚਾਰਜ ਐਡਵੋਕੇਟ ਬਲਵਿੰਦਰ ਕੁਮਾਰ ਨੇ ਵਿਸ਼ਵਾਸ ਦਿਵਾਇਆ ਕਿ ਹਲਕਾ ਆਦਮਪੁਰ ਦੇ ਵਰਕਰਾਂ ਵਿੱਚ ਰੈਲੀ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਇੱਥੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਫਿਲੌਰ ਪਹੁੰਚਣਗੇ। ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਗੁਰਮੇਲ ਚੁੰਬਰ, ਬਲਦੇਵ ਸਿੰਘ ਰਿਟਾਇਰਡ ਸਬ ਇੰਸਪੈਕਟਰ ਆਗੂ ਸਟੇਟ ਆਗੂ, ਸੂਬਾ ਦਫ਼ਤਰ ਸਕੱਤਰ ਜਸਵੰਤ ਰਾਏ, ਜ਼ਿਲ੍ਹਾ ਉਪ ਪ੍ਰਧਾਨ ਮਦਨ ਮੱਦੀ, ਹਲਕਾ ਆਦਮਪੁਰ ਪ੍ਰਧਾਨ ਹਰਜਿੰਦਰ ਬਿੱਲਾ, ਹਲਕਾ ਉਪ ਪ੍ਰਧਾਨ ਮਨਜੀਤ ਚੁਖਿਆਰਾ, ਸੁਰਤੀ ਲਾਲ, ਗੁਰਮੀਤ ਚੁੰਬਰ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਮਰਥਕ ਮੌਜੂਦ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande