ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਫੈਲੇਗੀ ‘ਪਲਾਸਟਿਕ ਚੈਂਪੀਅਨਜ਼’ ਮੁਹਿੰਮ, ਸਕੂਲੀ ਵਿਦਿਆਰਥੀ ਸੰਭਾਲਣਗੇ ਵਾਤਾਵਰਣ ਦੀ ਜ਼ਿੰਮੇਵਾਰੀ
ਪਟਿਆਲਾ ਦੇ 19 ਸਕੂਲਾਂ ਵਿੱਚ ਸਫਲ ਪਾਇਲਟ ਪ੍ਰੋਜੈਕਟ ਤੋਂ ਬਾਅਦ 6 ਹੋਰ ਜ਼ਿਲ੍ਹਿਆਂ ਵਿੱਚ ਹੋਵੇਗਾ ਵਿਸਥਾਰ ਚਿਪਸ ਦੇ ਪੈਕੇਟਾਂ ਤੇ ਰੈਪਰਾਂ ਨੂੰ ਇਕੱਠਾ ਕਰਕੇ ਰੀਸਾਈਕਲਿੰਗ ਲਈ ਭੇਜਿਆ ਜਾਵੇਗਾ ਪਟਿਆਲਾ, 18 ਨਵੰਬਰ (ਹਿੰ.ਸ.)| ਪੰਜਾਬ ਵਿੱਚ ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਅਤੇ ਨੌਜਵਾਨ ਪੀੜ੍
ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਫੈਲੇਗੀ ‘ਪਲਾਸਟਿਕ ਚੈਂਪੀਅਨਜ਼’ ਮੁਹਿੰਮ, ਸਕੂਲੀ ਵਿਦਿਆਰਥੀ ਸੰਭਾਲਣਗੇ ਵਾਤਾਵਰਣ ਦੀ ਜ਼ਿੰਮੇਵਾਰੀ


ਪਟਿਆਲਾ ਦੇ 19 ਸਕੂਲਾਂ ਵਿੱਚ ਸਫਲ ਪਾਇਲਟ ਪ੍ਰੋਜੈਕਟ ਤੋਂ ਬਾਅਦ 6 ਹੋਰ ਜ਼ਿਲ੍ਹਿਆਂ ਵਿੱਚ ਹੋਵੇਗਾ ਵਿਸਥਾਰ ਚਿਪਸ ਦੇ ਪੈਕੇਟਾਂ ਤੇ ਰੈਪਰਾਂ ਨੂੰ ਇਕੱਠਾ ਕਰਕੇ ਰੀਸਾਈਕਲਿੰਗ ਲਈ ਭੇਜਿਆ ਜਾਵੇਗਾ

ਪਟਿਆਲਾ, 18 ਨਵੰਬਰ (ਹਿੰ.ਸ.)| ਪੰਜਾਬ ਵਿੱਚ ਪਲਾਸਟਿਕ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਅਤੇ ਨੌਜਵਾਨ ਪੀੜ੍ਹੀ ਨੂੰ ਵਾਤਾਵਰਣ ਸੰਭਾਲ ਦੀ ਮੁਹਿੰਮ ਨਾਲ ਜੋੜਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸ਼ੁਰੂ ਕੀਤਾ ਗਿਆ ‘ਪੰਜਾਬ ਪਲਾਸਟਿਕ ਚੈਂਪੀਅਨਜ਼ ਪ੍ਰੋਗਰਾਮ’ ਹੁਣ ਸੂਬਾ ਪੱਧਰੀ ਮੁਹਿੰਮ ਦਾ ਰੂਪ ਲੈਣ ਜਾ ਰਿਹਾ ਹੈ। ਪਟਿਆਲਾ ਦੇ 19 ਸਕੂਲਾਂ ਵਿੱਚ ਸਫਲ ਪਾਇਲਟ ਪ੍ਰੋਜੈਕਟ ਤੋਂ ਬਾਅਦ ਬੋਰਡ ਵੱਲੋਂ ਆਉਣ ਵਾਲੇ ਮਹੀਨੇ ਵਿੱਚ ਇਸ ਮੁਹਿੰਮ ਨੂੰ ਛੇ ਹੋਰ ਜ਼ਿਲ੍ਹਿਆਂ ਤੱਕ ਪਹੁੰਚਾਇਆ ਜਾਵੇਗਾ। ਇਸ ਤੋਂ ਬਾਅਦ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਨੂੰ ਇਸ ਨਾਲ ਜੋੜਨ ਦਾ ਟੀਚਾ ਮਿੱਥਿਆ ਗਿਆ ਹੈ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 1 ਸਤੰਬਰ 2026 ਨੂੰ ਸ਼ੁਰੂ ਕੀਤੀ ਗਈ ਇਹ ਪਹਿਲ ਵਿਸ਼ੇਸ਼ ਤੌਰ ’ਤੇ ਮਲਟੀ-ਲੇਅਰਡ ਪਲਾਸਟਿਕ (ਐੱਮਐੱਲਪੀ) ਦੀ ਸਮੱਸਿਆ ’ਤੇ ਕੇਂਦਰਿਤ ਹੈ। ਇਸ ਕਿਸਮ ਦਾ ਪਲਾਸਟਿਕ ਆਮ ਤੌਰ ’ਤੇ ਚਿਪਸ ਦੇ ਪੈਕੇਟਾਂ, ਖਾਣ-ਪੀਣ ਵਾਲੀਆਂ ਵਸਤਾਂ ਦੇ ਰੈਪਰਾਂ, ਛੋਟੀਆਂ ਪੈਕਿੰਗ ਵਾਲੀਆਂ ਥੈਲੀਆਂ ਅਤੇ ਹੋਰ ਲਚਕਦਾਰ ਪੈਕਿੰਗ ਸਮੱਗਰੀ ਵਿੱਚ ਵਰਤਿਆ ਜਾਂਦਾ ਹੈ। ਇਸ ਨੂੰ ਰੀਸਾਈਕਲ ਕਰਨਾ ਮੁਸ਼ਕਲ ਹੋਣ ਕਾਰਨ ਅਕਸਰ ਇਹ ਕੂੜੇ ਦੇ ਢੇਰਾਂ, ਲੈਂਡਫਿਲ ਸਾਈਟਾਂ ਅਤੇ ਜਲ ਸਰੋਤਾਂ ਵਿੱਚ ਪਹੁੰਚ ਕੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦਾ ਹੈ। ਕਈ ਵਾਰ ਇਸ ਨੂੰ ਖੁੱਲ੍ਹੇ ਵਿੱਚ ਸਾੜ ਦਿੱਤਾ ਜਾਂਦਾ ਹੈ, ਜਿਸ ਨਾਲ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ।

ਇਸ ਮੁਹਿੰਮ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਆਪਣੇ ਘਰਾਂ ਵਿੱਚੋਂ ਅਜਿਹਾ ਪਲਾਸਟਿਕ ਇਕੱਠਾ ਕਰਨ, ਉਸ ਨੂੰ ਸਾਫ਼ ਅਤੇ ਸੁੱਕਾ ਰੱਖਣ ਅਤੇ ਸਕੂਲਾਂ ਵਿੱਚ ਸਥਾਪਤ ਵਿਸ਼ੇਸ਼ ਸੰਗ੍ਰਹਿ ਬਕਸਿਆਂ ਵਿੱਚ ਜਮ੍ਹਾਂ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਇਕੱਠੇ ਕੀਤੇ ਪਲਾਸਟਿਕ ਨੂੰ ਰੀਸਾਈਕਲਿੰਗ ਪ੍ਰਕਿਰਿਆ ਵਿੱਚ ਸ਼ਾਮਲ ਕਰਨ ਜਾਂ ਵਿਗਿਆਨਕ ਢੰਗ ਨਾਲ ਨਿਪਟਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਪਟਿਆਲਾ ਦੇ ਪਾਇਲਟ ਪ੍ਰੋਜੈਕਟ ਦਾ ਖ਼ਾਸ ਨਤੀਜਾ ਇਹ ਰਿਹਾ ਕਿ ਮੁਕਾਬਲਾ ਖ਼ਤਮ ਹੋਣ ਤੋਂ ਬਾਅਦ ਵੀ ਕਈ ਸਕੂਲਾਂ ਨੇ ਪਲਾਸਟਿਕ ਇਕੱਠਾ ਕਰਨਾ ਜਾਰੀ ਰੱਖਿਆ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ਬੱਚਿਆਂ ਵੱਲੋਂ ਵਾਤਾਵਰਣ ਦੀਆਂ ਚੁਣੌਤੀਆਂ ਨੂੰ ਸਮਝ ਕੇ ਉਨ੍ਹਾਂ ਦੇ ਹੱਲ ਲਈ ਅੱਗੇ ਆਉਣਾ ਉਤਸ਼ਾਹਜਨਕ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਵਿੱਚ ਲੰਬੇ ਸਮੇਂ ਲਈ ਜ਼ਿੰਮੇਵਾਰ ਆਦਤਾਂ ਵਿਕਸਿਤ ਕਰਨਾ ਹੈ, ਤਾਂ ਜੋ ਸਕੂਲ ਸਾਫ਼ ਮਲਟੀ-ਲੇਅਰਡ ਪਲਾਸਟਿਕ ਇਕੱਠਾ ਕਰਨ ਦੇ ਸਥਾਈ ਕੇਂਦਰ ਬਣ ਸਕਣ ਅਤੇ ਵਿਦਿਆਰਥੀ ਆਪਣੇ ਘਰਾਂ ਤੇ ਸਮਾਜ ਵਿੱਚ ਵੀ ਜਾਗਰੂਕਤਾ ਫੈਲਾ ਸਕਣ।

ਉਨ੍ਹਾਂ ਦੱਸਿਆ ਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਸਹਿਯੋਗ ਨਾਲ ਅਗਲੇ ਪੜਾਅ ਵਿੱਚ ਸੰਗਰੂਰ, ਰੂਪਨਗਰ, ਜਲੰਧਰ, ਕਪੂਰਥਲਾ, ਫਰੀਦਕੋਟ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ।

ਚੇਅਰਪਰਸਨ ਨੇ ਸੂਬੇ ਦੇ ਸਕੂਲਾਂ, ਈਕੋ-ਕਲੱਬਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਵਰਤੋਂ ਘਟਾਉਣ, ਮੁੜ ਵਰਤੋਂ, ਕੂੜੇ ਨੂੰ ਵੱਖ-ਵੱਖ ਕਰਨ ਅਤੇ ਰੀਸਾਈਕਲਿੰਗ ਦੀ ਆਦਤ ਅਪਣਾ ਕੇ ਅਗਲੀ ਪੀੜ੍ਹੀ ਨੂੰ ਸਾਫ਼-ਸੁਥਰਾ ਵਾਤਾਵਰਣ ਦੇਣ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande