ਟੀਬੀ ਦੇ ਖ਼ਾਤਮੇ ਲਈ ਹਰਿਆਣਾ ਨੂੰ ਮਿਲੇਗੀ 7.35 ਕਰੋੜ ਰੁਪਏ ਦੀ ਸੀਐੱਸਆਰ ਸਹਾਇਤਾ
11,811 ਮਰੀਜ਼ਾਂ ਨੂੰ ਤਿੰਨ ਸਾਲਾਂ ਤੱਕ ਮਿਲੇਗੀ ਪੋਸ਼ਣ ਸਹਾਇਤਾ, ਚਾਰ ਜ਼ਿਲ੍ਹਿਆਂ ਵਿੱਚ ਹਰ ਸਾਲ 1.63 ਲੱਖ ਲੋਕਾਂ ਦੀ ਹੋਵੇਗੀ ਜਾਂਚ ਚੰਡੀਗੜ੍ਹ, 19 ਨਵੰਬਰ (ਹਿੰ.ਸ.)| ਹਰਿਆਣਾ ਸਰਕਾਰ ਨੇ ਸੂਬੇ ਵਿੱਚ ਤਪਦਿਕ (ਟੀਬੀ) ਦੇ ਖ਼ਾਤਮੇ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਵੱਡਾ ਕਦਮ ਚੁੱਕਿਆ ਹੈ। ਇਸ ਤਹਿ
ਟੀਬੀ ਦੇ ਖ਼ਾਤਮੇ ਲਈ ਹਰਿਆਣਾ ਨੂੰ ਮਿਲੇਗੀ 7.35 ਕਰੋੜ ਰੁਪਏ ਦੀ ਸੀਐੱਸਆਰ ਸਹਾਇਤਾ


11,811 ਮਰੀਜ਼ਾਂ ਨੂੰ ਤਿੰਨ ਸਾਲਾਂ ਤੱਕ ਮਿਲੇਗੀ ਪੋਸ਼ਣ ਸਹਾਇਤਾ, ਚਾਰ ਜ਼ਿਲ੍ਹਿਆਂ ਵਿੱਚ ਹਰ ਸਾਲ 1.63 ਲੱਖ ਲੋਕਾਂ ਦੀ ਹੋਵੇਗੀ ਜਾਂਚ

ਚੰਡੀਗੜ੍ਹ, 19 ਨਵੰਬਰ (ਹਿੰ.ਸ.)| ਹਰਿਆਣਾ ਸਰਕਾਰ ਨੇ ਸੂਬੇ ਵਿੱਚ ਤਪਦਿਕ (ਟੀਬੀ) ਦੇ ਖ਼ਾਤਮੇ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਵੱਡਾ ਕਦਮ ਚੁੱਕਿਆ ਹੈ। ਇਸ ਤਹਿਤ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਅਤੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਹੁਡਕੋ) ਵੱਲੋਂ 7.35 ਕਰੋੜ ਰੁਪਏ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਸਹਾਇਤਾ ਦਿੱਤੀ ਜਾਵੇਗੀ। ਇਸ ਰਕਮ ਨਾਲ ਅਗਲੇ ਤਿੰਨ ਸਾਲਾਂ ਦੌਰਾਨ 11,811 ਟੀਬੀ ਮਰੀਜ਼ਾਂ ਨੂੰ ਪੋਸ਼ਣ ਸਹਾਇਤਾ ਮਿਲੇਗੀ, ਜਦਕਿ ਚਾਰ ਜ਼ਿਲ੍ਹਿਆਂ ਵਿੱਚ ਹਰ ਸਾਲ ਲਗਭਗ 1.63 ਲੱਖ ਲੋਕਾਂ ਦੀ ਜਾਂਚ ਕੀਤੀ ਜਾਵੇਗੀ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਸਹਿਯੋਗ ਦਾ ਮੁੱਖ ਉਦੇਸ਼ ਟੀਬੀ ਮਰੀਜ਼ਾਂ ਨੂੰ ਇਲਾਜ ਦੌਰਾਨ ਲੋੜੀਂਦਾ ਪੋਸ਼ਣ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉੱਚ ਜੋਖਮ ਵਾਲੇ ਇਲਾਕਿਆਂ ਵਿੱਚ ਬਿਮਾਰੀ ਦੀ ਸਮੇਂ ਸਿਰ ਪਛਾਣ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਟੀਬੀ ਦਾ ਖ਼ਾਤਮਾ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।

ਐਨਟੀਪੀਸੀ ਵੱਲੋਂ ਪੋਸ਼ਣ ਸਹਾਇਤਾ ਲਈ 4.96 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਨਿ-ਕਸ਼ਯ ਮਿੱਤਰ ਪਹਿਲ ਅਧੀਨ ਕਰਨਾਲ ਅਤੇ ਪਾਣੀਪਤ ਦੇ 11,811 ਮਰੀਜ਼ਾਂ ਨੂੰ ਤਿੰਨ ਸਾਲਾਂ ਤੱਕ ਪੋਸ਼ਣ ਕਿੱਟਾਂ ਦਿੱਤੀਆਂ ਜਾਣਗੀਆਂ। ਇਨ੍ਹਾਂ ਵਿੱਚ ਕਰਨਾਲ ਦੇ 5,904 ਅਤੇ ਪਾਣੀਪਤ ਦੇ 5,907 ਮਰੀਜ਼ ਸ਼ਾਮਲ ਹਨ।

ਹਰੇਕ ਮਰੀਜ਼ ਨੂੰ ਛੇ ਮਹੀਨਿਆਂ ਦੀ ਇਲਾਜ ਮਿਆਦ ਦੌਰਾਨ ਹਰ ਮਹੀਨੇ ਲਗਭਗ 700 ਰੁਪਏ ਦੀ ਪ੍ਰੋਟੀਨ ਭਰਪੂਰ ਪੋਸ਼ਣ ਕਿੱਟ ਮੁਹੱਈਆ ਕਰਵਾਈ ਜਾਵੇਗੀ। ਇਸ ਨਾਲ ਮਰੀਜ਼ਾਂ ਦੀ ਸਿਹਤ ਵਿੱਚ ਸੁਧਾਰ ਲਿਆਉਣ ਅਤੇ ਇਲਾਜ ਦੇ ਨਤੀਜੇ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ। ਹੁਡਕੋ ਵੱਲੋਂ 2.39 ਕਰੋੜ ਰੁਪਏ ਦੀ ਸਹਾਇਤਾ ਨਾਲ ਚਾਰ ਅਤਿ-ਆਧੁਨਿਕ ਮੋਬਾਈਲ ਟੀਬੀ ਜਾਂਚ ਵੈਨਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿੱਚ ਟਰੂਨੈਟ ਕੁਆਟਰੋ ਵਰਕਸਟੇਸ਼ਨ ਅਤੇ ਪੋਰਟੇਬਲ ਐਕਸ-ਰੇ ਪ੍ਰਣਾਲੀ ਲਗਾਈ ਜਾਵੇਗੀ।

ਇਹ ਵੈਨਾਂ ਮੇਵਾਤ, ਕਰਨਾਲ, ਕੁਰੂਕਸ਼ੇਤਰ ਅਤੇ ਚਰਖੀ ਦਾਦਰੀ ਦੇ 392 ਉੱਚ ਜੋਖਮ ਵਾਲੇ ਪਿੰਡਾਂ ਅਤੇ ਵਾਰਡਾਂ ਵਿੱਚ ਜਾਂਚ ਕਰਨਗੀਆਂ। ਇਨ੍ਹਾਂ ਵਿੱਚ ਮੇਵਾਤ ਦੇ 111, ਕਰਨਾਲ ਦੇ 109, ਕੁਰੂਕਸ਼ੇਤਰ ਦੇ 103 ਅਤੇ ਚਰਖੀ ਦਾਦਰੀ ਦੇ 69 ਖੇਤਰ ਸ਼ਾਮਲ ਹਨ। ਸਿਹਤ ਵਿਭਾਗ ਹਰ ਮਹੀਨੇ 80 ਵਿਸ਼ੇਸ਼ ਜਾਂਚ ਕੈਂਪ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਇਨ੍ਹਾਂ ਵੈਨਾਂ ਰਾਹੀਂ ਹਰ ਮਹੀਨੇ ਕਰੀਬ 13,600 ਅਤੇ ਸਾਲਾਨਾ ਲਗਭਗ 1.63 ਲੱਖ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਸਕੇਗੀ। ਡਾ. ਮਿਸ਼ਰਾ ਨੇ ਕਿਹਾ ਕਿ ਇਸ ਪਹਿਲ ਨਾਲ ਦੂਰ-ਦੁਰਾਡੇ ਅਤੇ ਸਿਹਤ ਸਹੂਲਤਾਂ ਤੋਂ ਵਾਂਝੇ ਖੇਤਰਾਂ ਦੇ ਲੋਕਾਂ ਤੱਕ ਜਾਂਚ ਦੀ ਸਹੂਲਤ ਪਹੁੰਚੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande