
ਪਹਿਲੀ ਵਾਰ ਦਿੱਲੀ ਅਤੇ ਪੱਛਮੀ ਬੰਗਾਲ ਹੋਣਗੇ ਸਹਿਯੋਗੀ ਰਾਜ, ਮਾਰੀਸ਼ਸ ਦੇ ਰਾਸ਼ਟਰਪਤੀ 14 ਦਸੰਬਰ ਨੂੰ ਕਰਨਗੇ ਉਦਘਾਟਨ
20 ਦਸੰਬਰ ਨੂੰ 27 ਹਜ਼ਾਰ ਵਿਦਿਆਰਥੀ ਕਰਨਗੇ ਗੀਤਾ ਦਾ ਪਾਠ, ਇੱਕ ਲੱਖ ਤੋਂ ਵੱਧ ਵਿਦਿਆਰਥੀ ਆਨਲਾਈਨ ਜੁੜਨਗੇ
ਚੰਡੀਗੜ੍ਹ, 21 ਨਵੰਬਰ (ਹਿੰ.ਸ.)| ਹਰਿਆਣਾ ਦੀ ਪਵਿੱਤਰ ਧਰਤੀ ਕੁਰੂਕਸ਼ੇਤਰ ਵਿਖੇ 5 ਤੋਂ 25 ਦਸੰਬਰ ਤੱਕ 11ਵੇਂ ਅੰਤਰਰਾਸ਼ਟਰੀ ਗੀਤਾ ਮਹੋਤਸਵ ਦਾ ਆਯੋਜਨ ਕੀਤਾ ਜਾਵੇਗਾ। ਇਸ ਸਾਲ ਪਹਿਲੀ ਵਾਰ ਦਿੱਲੀ ਅਤੇ ਪੱਛਮੀ ਬੰਗਾਲ ਨੂੰ ਸਹਿਯੋਗੀ ਰਾਜ ਵਜੋਂ ਸ਼ਾਮਲ ਕੀਤਾ ਗਿਆ ਹੈ, ਜਦਕਿ ਮਾਰੀਸ਼ਸ ਦੇ ਰਾਸ਼ਟਰਪਤੀ ਧਰਮਬੀਰ ਗੋਖੂਲ 14 ਦਸੰਬਰ ਨੂੰ ਬ੍ਰਹਮਸਰੋਵਰ ਵਿਖੇ ਗੀਤਾ ਯੱਗ ਅਤੇ ਪੂਜਨ ਨਾਲ ਮਹੋਤਸਵ ਦਾ ਵਿਧੀਵਤ ਉਦਘਾਟਨ ਕਰਨਗੇ।
ਇਹ ਜਾਣਕਾਰੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਜੋਤੀਸਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ। ਇਸ ਮੌਕੇ ਪੱਛਮੀ ਬੰਗਾਲ ਦੇ ਰਾਜ ਮੰਤਰੀ ਉਮੇਸ਼ ਰਾਏ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਅਤੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਦੱਸਿਆ ਕਿ ਮਹੋਤਸਵ ਦਾ ਉਦੇਸ਼ ਭਗਵਦ ਗੀਤਾ ਦੇ ਸੰਦੇਸ਼ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਉਣਾ ਹੈ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ 90 ਤੋਂ ਵੱਧ ਦੇਸ਼ਾਂ ਵਿੱਚ ਗੀਤਾ ਮਹੋਤਸਵ ਦੇ ਪ੍ਰੋਗਰਾਮ ਕਰਵਾਏ ਜਾਣਗੇ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਸੱਭਿਆਚਾਰਕ ਅਤੇ ਅਧਿਆਤਮਿਕ ਗਤੀਵਿਧੀਆਂ ਰਾਹੀਂ 70 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਵੀ ਜੋੜਿਆ ਜਾਵੇਗਾ।
5 ਦਸੰਬਰ ਨੂੰ ਬ੍ਰਹਮਸਰੋਵਰ ਵਿਖੇ ਸ਼ਿਲਪ ਅਤੇ ਸਰਸ ਮੇਲੇ ਨਾਲ ਮਹੋਤਸਵ ਦੀ ਸ਼ੁਰੂਆਤ ਹੋਵੇਗੀ। ਇਹ ਮੇਲਾ 25 ਦਸੰਬਰ ਤੱਕ ਚੱਲੇਗਾ। 4 ਦਸੰਬਰ ਨੂੰ ਗੀਤਾ ਸਦਭਾਵਨਾ ਯਾਤਰਾ ਅਤੇ 5 ਦਸੰਬਰ ਨੂੰ ਗੀਤਾ ਰਨ ਕਰਵਾਈ ਜਾਵੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ 20 ਦਸੰਬਰ ਨੂੰ ਥੀਮ ਪਾਰਕ ਵਿਖੇ 27 ਹਜ਼ਾਰ ਵਿਦਿਆਰਥੀ ਸਿੱਧੇ ਤੌਰ 'ਤੇ ਗੀਤਾ ਪਾਠ ਵਿੱਚ ਹਿੱਸਾ ਲੈਣਗੇ, ਜਦਕਿ ਇੱਕ ਲੱਖ ਤੋਂ ਵੱਧ ਵਿਦਿਆਰਥੀ ਆਨਲਾਈਨ ਜੁੜਨਗੇ। ਇਸੇ ਦਿਨ ਜੋਤੀਸਰ ਤੀਰਥ ਵਿਖੇ ਗੀਤਾ ਯੱਗ, ਗੀਤਾ ਪਾਠ ਅਤੇ ਭਾਗਵਤ ਕਥਾ ਹੋਵੇਗੀ। ਕੁਰੂਕਸ਼ੇਤਰ ਦੇ 182 ਤੀਰਥਾਂ 'ਤੇ ਦੀਪੋਤਸਵ ਅਤੇ ਗੀਤਾ ਸ਼ੋਭਾਯਾਤਰਾ ਵੀ ਕੱਢੀ ਜਾਵੇਗੀ।
13 ਦਸੰਬਰ ਨੂੰ ਸੰਤ ਸੰਮੇਲਨ ਅਤੇ 18 ਤੇ 19 ਦਸੰਬਰ ਨੂੰ ਅਖਿਲ ਭਾਰਤੀ ਦੇਵਸਥਾਨਮ ਸੰਮੇਲਨ ਕਰਵਾਇਆ ਜਾਵੇਗਾ। 14 ਤੋਂ 20 ਦਸੰਬਰ ਤੱਕ ਬ੍ਰਹਮਸਰੋਵਰ ਵਿਖੇ ਗੀਤਾ, ਮਹਾਭਾਰਤ ਅਤੇ ਸ੍ਰੀਕ੍ਰਿਸ਼ਨ ਦੇ ਜੀਵਨ 'ਤੇ ਆਧਾਰਿਤ ਸੱਭਿਆਚਾਰਕ ਪ੍ਰੋਗਰਾਮ ਹੋਣਗੇ। ਇਸ ਤੋਂ ਇਲਾਵਾ 10 ਤੋਂ 20 ਦਸੰਬਰ ਤੱਕ 48 ਕੋਸ ਕੁਰੂਕਸ਼ੇਤਰ ਖੇਤਰ ਦੇ ਵੱਖ-ਵੱਖ ਤੀਰਥਾਂ 'ਤੇ ਵੀ ਸੱਭਿਆਚਾਰਕ ਸਮਾਗਮ ਕਰਵਾਏ ਜਾਣਗੇ।
ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ 16 ਦਸੰਬਰ ਨੂੰ ਜੋਤੀਸਰ ਵਿਖੇ 'ਪਾਂਚਜਨਯ-2026 ਅਫ਼ਰੀਕਾ-ਹਰਿਆਣਾ ਕੌਨਕਲੇਵ' ਕਰਵਾਇਆ ਜਾਵੇਗਾ, ਜਿਸ ਵਿੱਚ ਵਪਾਰ ਅਤੇ ਉਦਯੋਗਿਕ ਸਹਿਯੋਗ ਦੀਆਂ ਸੰਭਾਵਨਾਵਾਂ 'ਤੇ ਵਿਚਾਰ-ਵਟਾਂਦਰਾ ਹੋਵੇਗਾ। ਇਸੇ ਤਰ੍ਹਾਂ 22 ਦਸੰਬਰ ਨੂੰ 'ਬਲਰਾਮ' ਕੁਸ਼ਤੀ ਦੰਗਲ ਵੀ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਗੀਤਾ ਮਹੋਤਸਵ ਰਾਹੀਂ ਕੁਰੂਕਸ਼ੇਤਰ ਦੀ ਧਾਰਮਿਕ, ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਦੁਨੀਆ ਭਰ ਵਿੱਚ ਨਵੀਂ ਪਛਾਣ ਮਿਲੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH