
ਮੁਲਜ਼ਮਾਂ ਕੋਲੋਂ ਖਿਡੌਣਾ ਪਿਸਤੌਲ ਦੇ ਨਾਲ ਅਸਲੀ .32 ਬੋਰ ਦਾ ਪਿਸਤੌਲ ਵੀ ਬਰਾਮਦ, ਚੌਥਾ ਮੁਲਜ਼ਮ ਕਰਨਵੀਰ ਫ਼ਰਾਰ
ਜਗਰਾਉਂ (ਲੁਧਿਆਣਾ), 21 ਨਵੰਬਰ (ਹਿੰ.ਸ.)| ਜਗਰਾਉਂ ਸ਼ਹਿਰ ਵਿੱਚ ਕੁਝ ਹੀ ਮਿੰਟਾਂ ਦੇ ਅੰਤਰਾਲ ਨਾਲ ਦੋ ਥਾਵਾਂ 'ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪੁਲਿਸ ਨੇ ਪਰਦਾਫਾਸ਼ ਕਰਦਿਆਂ ਇੱਕ ਔਰਤ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਖਿਡੌਣਾ ਪਿਸਤੌਲ ਅਤੇ ਇੱਕ ਅਸਲੀ .32 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਇਸ ਮਾਮਲੇ ਵਿੱਚ ਸ਼ਾਮਲ ਚੌਥਾ ਮੁਲਜ਼ਮ ਕਰਨਵੀਰ ਅਜੇ ਫ਼ਰਾਰ ਹੈ, ਜਿਸ ਦੀ ਭਾਲ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਏ.ਐੱਸ.ਆਈ. ਨਰਿੰਦਰ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਜੋਤ ਸਿੰਘ, ਨੇਹਾ ਵਾਸੀ ਪਿੰਡ ਧਮੋਟ ਕਲਾਂ, ਲੁਧਿਆਣਾ ਅਤੇ ਸ਼ੁਭਮ ਵਾਸੀ ਸ਼ਿਵਾਜੀ ਨਗਰ, ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਨੇਹਾ ਫ਼ਰਾਰ ਮੁਲਜ਼ਮ ਕਰਨਵੀਰ ਦੀ ਮੰਗੇਤਰ ਹੈ, ਜਦਕਿ ਸ਼ੁਭਮ ਨੂੰ ਉਸ ਦੇ ਪਰਿਵਾਰ ਵੱਲੋਂ ਬੇਦਖ਼ਲ ਕੀਤਾ ਹੋਇਆ ਹੈ। ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਲੁੱਟ ਦੀਆਂ ਦੋਵੇਂ ਘਟਨਾਵਾਂ ਦੁਕਾਨਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਸਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਸਮੇਂ ਦੋ ਨੌਜਵਾਨ ਦੁਕਾਨਾਂ ਦੇ ਅੰਦਰ ਦਾਖ਼ਲ ਹੋਏ ਸਨ, ਜਦਕਿ ਇੱਕ ਨੌਜਵਾਨ ਅਤੇ ਇੱਕ ਲੜਕੀ ਬਾਹਰ ਬ੍ਰੇਜ਼ਾ ਕਾਰ ਸਟਾਰਟ ਕਰਕੇ ਨਿਗਰਾਨੀ ਕਰ ਰਹੇ ਸਨ। ਪੁਲਿਸ ਹੁਣ ਫ਼ਰਾਰ ਮੁਲਜ਼ਮ ਕਰਨਵੀਰ ਦੀ ਭਾਲ ਕਰ ਰਹੀ ਹੈ।
ਇਸ ਮਾਮਲੇ ਵਿੱਚ ਅਸਲੀ .32 ਬੋਰ ਦਾ ਪਿਸਤੌਲ ਬਰਾਮਦ ਹੋਣ ਤੋਂ ਬਾਅਦ ਪੁਲਿਸ ਦੀ ਮੁੱਢਲੀ ਜਾਂਚ ਵੀ ਚਰਚਾ ਵਿੱਚ ਆ ਗਈ ਹੈ। ਦੋ ਦਿਨ ਪਹਿਲਾਂ ਵਾਪਰੀਆਂ ਇਨ੍ਹਾਂ ਵਾਰਦਾਤਾਂ ਤੋਂ ਬਾਅਦ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਲੁਟੇਰਿਆਂ ਕੋਲ ਨਕਲੀ ਜਾਂ ਖਿਡੌਣਾ ਪਿਸਤੌਲ ਸਨ, ਜਿਨ੍ਹਾਂ ਰਾਹੀਂ ਗੋਲੀ ਚੱਲਣ ਵਰਗੀ ਆਵਾਜ਼ ਪੈਦਾ ਕਰਕੇ ਦਹਿਸ਼ਤ ਫੈਲਾਈ ਗਈ ਸੀ।
ਹਾਲਾਂਕਿ, ਪੀੜਤਾਂ ਵੱਲੋਂ ਸ਼ੁਰੂ ਤੋਂ ਹੀ ਗੋਲੀ ਚੱਲਣ ਦੀ ਗੱਲ ਕਹੀ ਜਾ ਰਹੀ ਸੀ। ਹੁਣ ਅਸਲੀ ਹਥਿਆਰ ਬਰਾਮਦ ਹੋਣ ਤੋਂ ਬਾਅਦ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਦੋਵੇਂ ਵਾਰਦਾਤਾਂ ਦੌਰਾਨ ਕਿਹੜੇ ਹਥਿਆਰ ਦੀ ਵਰਤੋਂ ਕੀਤੀ ਗਈ ਸੀ।
ਜਾਣਕਾਰੀ ਅਨੁਸਾਰ ਬ੍ਰੇਜ਼ਾ ਕਾਰ ਸਵਾਰ ਲੁਟੇਰਿਆਂ ਨੇ ਸਭ ਤੋਂ ਪਹਿਲਾਂ ਅਗਵਾੜ ਲੋਪੋ ਤੋਂ ਨਾਨਕਸਰ ਜਾਣ ਵਾਲੇ ਰਸਤੇ 'ਤੇ ਸਥਿਤ ਇਕਜੋਤ ਕਲੀਨਿਕ ਨੂੰ ਨਿਸ਼ਾਨਾ ਬਣਾਇਆ। ਇੱਥੇ ਗੋਲੀ ਚਲਾਉਣ ਵਰਗੀ ਘਟਨਾ ਰਾਹੀਂ ਦਹਿਸ਼ਤ ਫੈਲਾਈ ਗਈ ਅਤੇ ਲੈਪਟਾਪ ਸਮੇਤ ਹੋਰ ਕੀਮਤੀ ਸਾਮਾਨ ਲੁੱਟ ਲਿਆ ਗਿਆ।
ਪਹਿਲੀ ਵਾਰਦਾਤ ਤੋਂ ਕੁਝ ਹੀ ਸਮੇਂ ਬਾਅਦ ਲੁਟੇਰੇ ਡਿਸਪੋਜ਼ਲ ਰੋਡ ਸਥਿਤ ਸਿੰਗਲਾ ਕਰਿਆਨਾ ਸਟੋਰ ਪਹੁੰਚ ਗਏ। ਦੁਕਾਨ ਦੀਆਂ ਸੰਚਾਲਕਾਂ ਮੋਨਿਕਾ ਸਿੰਗਲਾ ਅਤੇ ਰੀਟਾ ਸਿੰਗਲਾ ਅਨੁਸਾਰ ਦੋ ਨੌਜਵਾਨ ਸਾਮਾਨ ਖਰੀਦਣ ਅਤੇ ਵਿਆਜ 'ਤੇ ਪੈਸੇ ਦੇਣ ਵਾਲੇ ਵਿਅਕਤੀ ਬਾਰੇ ਪੁੱਛਣ ਦੇ ਬਹਾਨੇ ਦੁਕਾਨ ਅੰਦਰ ਆਏ।
ਇਸ ਤੋਂ ਬਾਅਦ ਉਨ੍ਹਾਂ ਨੇ ਪਿਸਤੌਲ ਕੱਢ ਕੇ ਫਾਇਰ ਕਰ ਦਿੱਤਾ ਅਤੇ ਗੱਲੇ ਵਿੱਚੋਂ ਕਰੀਬ 5 ਤੋਂ 6 ਹਜ਼ਾਰ ਰੁਪਏ ਦੀ ਨਕਦੀ, ਬੀੜੀਆਂ ਦਾ ਬੰਡਲ ਅਤੇ ਮਾਚਿਸ ਲੁੱਟ ਲਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਲੰਡੇ ਫਾਟਕਾਂ ਵੱਲ ਫ਼ਰਾਰ ਹੋ ਗਏ।
ਫਿਲਹਾਲ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਕਰਨਵੀਰ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਲੁੱਟ ਦੀਆਂ ਦੋਵੇਂ ਵਾਰਦਾਤਾਂ ਵਿੱਚ ਕਿਹੜੇ ਹਥਿਆਰ ਦੀ ਵਰਤੋਂ ਕੀਤੀ ਗਈ ਸੀ।
ਹਿੰਦੂਸਥਾਨ ਸਮਾਚਾਰ / GURSHARAN SINGH