ਪਠਾਨਕੋਟ 'ਚ 18 ਸਾਲਾ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਹੱਥ-ਪੈਰ ਬੰਨ੍ਹੀ ਹਾਲਤ 'ਚ ਮਿਲੀ ਲਾਸ਼
ਭਦਰੋਆ ਮੁਹੱਲੇ ਦੇ ਸੁੰਨੇ ਘਰ ਦੀ ਪਹਿਲੀ ਮੰਜ਼ਿਲ ''ਤੇ ਮਿਲੀ ਲਾਸ਼ਮਾਪੇ ਲੀਵਰ ਟਰਾਂਸਪਲਾਂਟ ਦੇ ਚੈੱਕਅੱਪ ਲਈ ਗਏ ਸਨ ਗੁਰੂਗ੍ਰਾਮ, ਪੁਲਿਸ ਵੱਲੋਂ ਹਰ ਪਹਿਲੂ ਤੋਂ ਜਾਂਚ ਪਠਾਨਕੋਟ, 25 ਨਵੰਬਰ (ਹਿੰ.ਸ.)| ਪਠਾਨਕੋਟ ਦੇ ਮੁਹੱਲਾ ਭਦਰੋਆ ਵਿੱਚ 18 ਸਾਲਾ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮ
ਪਠਾਨਕੋਟ 'ਚ 18 ਸਾਲਾ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਹੱਥ-ਪੈਰ ਬੰਨ੍ਹੀ ਹਾਲਤ 'ਚ ਮਿਲੀ ਲਾਸ਼


ਭਦਰੋਆ ਮੁਹੱਲੇ ਦੇ ਸੁੰਨੇ ਘਰ ਦੀ ਪਹਿਲੀ ਮੰਜ਼ਿਲ 'ਤੇ ਮਿਲੀ ਲਾਸ਼ਮਾਪੇ ਲੀਵਰ ਟਰਾਂਸਪਲਾਂਟ ਦੇ ਚੈੱਕਅੱਪ ਲਈ ਗਏ ਸਨ ਗੁਰੂਗ੍ਰਾਮ, ਪੁਲਿਸ ਵੱਲੋਂ ਹਰ ਪਹਿਲੂ ਤੋਂ ਜਾਂਚ

ਪਠਾਨਕੋਟ, 25 ਨਵੰਬਰ (ਹਿੰ.ਸ.)| ਪਠਾਨਕੋਟ ਦੇ ਮੁਹੱਲਾ ਭਦਰੋਆ ਵਿੱਚ 18 ਸਾਲਾ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਤ੍ਰਿਣਵ ਸ਼ਰਮਾ ਵਜੋਂ ਹੋਈ ਹੈ, ਜੋ 11ਵੀਂ ਜਮਾਤ ਦਾ ਵਿਦਿਆਰਥੀ ਸੀ। ਪੁਲਿਸ ਅਨੁਸਾਰ ਉਸ ਦੀ ਲਾਸ਼ ਘਰ ਦੀ ਪਹਿਲੀ ਮੰਜ਼ਿਲ 'ਤੇ ਛੱਤ ਨਾਲ ਲਟਕਦੀ ਮਿਲੀ। ਹੈਰਾਨੀ ਦੀ ਗੱਲ ਇਹ ਸੀ ਕਿ ਉਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਘਟਨਾ ਸਮੇਂ ਉਸ ਦੇ ਮਾਪੇ ਮੈਡੀਕਲ ਚੈੱਕਅੱਪ ਲਈ ਗੁਰੂਗ੍ਰਾਮ ਗਏ ਹੋਏ ਸਨ। ਥਾਣਾ ਨੰਬਰ-2 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਮ੍ਰਿਤਕ ਦੇ ਨਾਨਾ ਮਦਨ ਮੋਹਨ ਸ਼ਰਮਾ ਨੇ ਦੱਸਿਆ ਕਿ ਤ੍ਰਿਣਵ ਦੇ ਪਿਤਾ ਰਾਜੇਸ਼ ਸ਼ਰਮਾ ਸਰਕਾਰੀ ਸਕੂਲ ਵਿੱਚ ਅਧਿਆਪਕ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਲੀਵਰ ਟਰਾਂਸਪਲਾਂਟ ਹੋਇਆ ਸੀ ਅਤੇ ਉਹ ਇਲਾਜ ਤੋਂ ਬਾਅਦ ਸਿਹਤਯਾਬ ਹੋ ਰਹੇ ਸਨ। ਸੋਮਵਾਰ ਸ਼ਾਮ ਨੂੰ ਉਹ ਆਪਣੀ ਪਤਨੀ ਨਾਲ ਨਿਯਮਤ ਮੈਡੀਕਲ ਚੈੱਕਅੱਪ ਲਈ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਗਏ ਸਨ।

ਜਾਣ ਤੋਂ ਪਹਿਲਾਂ ਉਹ ਆਪਣੇ ਬੱਚਿਆਂ ਨੂੰ ਲਮੀਨੀ ਸਥਿਤ ਨਾਨਕੇ ਘਰ ਛੱਡ ਗਏ ਸਨ। ਮੰਗਲਵਾਰ ਨੂੰ ਗੁਰਪੁਰਬ ਦੀ ਛੁੱਟੀ ਹੋਣ ਕਾਰਨ ਸਕੂਲ ਬੰਦ ਸੀ। ਸ਼ਾਮ ਨੂੰ ਤ੍ਰਿਣਵ ਸਾਈਕਲ 'ਤੇ ਟਿਊਸ਼ਨ ਪੜ੍ਹਨ ਲਈ ਭਦਰੋਆ ਸਥਿਤ ਆਪਣੇ ਘਰ ਗਿਆ, ਪਰ ਦੇਰ ਸ਼ਾਮ ਤੱਕ ਵਾਪਸ ਨਹੀਂ ਆਇਆ।

ਨਾਨਾ ਮੁਤਾਬਕ, ਜਦੋਂ ਸ਼ਾਮ 7 ਵਜੇ ਤੱਕ ਉਹ ਨਹੀਂ ਪਰਤਿਆ ਤਾਂ ਉਨ੍ਹਾਂ ਨੇ ਸਾਢੇ 7 ਵਜੇ ਉਸ ਦੇ ਪਿਤਾ ਨਾਲ ਫੋਨ 'ਤੇ ਗੱਲ ਕੀਤੀ। ਟਿਊਸ਼ਨ ਅਧਿਆਪਕ ਤੋਂ ਪਤਾ ਲੱਗਾ ਕਿ ਤ੍ਰਿਣਵ ਸਮੇਂ ਸਿਰ ਉੱਥੋਂ ਚਲਾ ਗਿਆ ਸੀ।

ਕਿਸੇ ਅਣਸੁਖਾਵੀਂ ਘਟਨਾ ਦੇ ਖ਼ਦਸ਼ੇ ਕਾਰਨ ਮਦਨ ਮੋਹਨ ਸ਼ਰਮਾ ਆਪਣੇ ਜਵਾਈ ਦੇ ਘਰ ਪਹੁੰਚੇ। ਘਰ ਦੇ ਸਾਰੇ ਦਰਵਾਜ਼ੇ ਅੰਦਰੋਂ ਬੰਦ ਸਨ। ਕਾਫ਼ੀ ਦੇਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਗੁਆਂਢੀਆਂ ਦੀ ਮਦਦ ਨਾਲ ਪਿਛਲੇ ਪਾਸੇ ਖੁੱਲ੍ਹੀ ਖਿੜਕੀ ਰਾਹੀਂ ਘਰ ਵਿੱਚ ਦਾਖ਼ਲ ਹੋਏ। ਹੇਠਾਂ ਦੇ ਕਮਰਿਆਂ ਵਿੱਚ ਤਲਾਸ਼ ਕਰਨ ਤੋਂ ਬਾਅਦ ਜਦੋਂ ਉਹ ਉੱਪਰ ਬਣੀ ਮਮਟੀ ਵਿੱਚ ਪਹੁੰਚੇ ਤਾਂ ਤ੍ਰਿਣਵ ਦੀ ਲਾਸ਼ ਮਿਲੀ।

ਨਾਨਾ ਨੇ ਦੱਸਿਆ ਕਿ ਤ੍ਰਿਣਵ ਦੀ ਲਾਸ਼ ਛੱਤ ਦੇ ਕੁੰਡੇ ਨਾਲ ਚੁੰਨੀ ਦੇ ਸਹਾਰੇ ਲਟਕ ਰਹੀ ਸੀ। ਉਸ ਦੇ ਦੋਵੇਂ ਹੱਥ ਅਤੇ ਪੈਰ ਬੰਨ੍ਹੇ ਹੋਏ ਸਨ। ਉਸ ਦੇ ਪੈਰ ਫਰਸ਼ ਨੂੰ ਛੂਹ ਰਹੇ ਸਨ ਅਤੇ ਪਿੱਛੇ ਕੁਰਸੀ ਰੱਖੀ ਹੋਈ ਸੀ। ਕਮਰੇ ਦਾ ਇੱਕ ਦਰਵਾਜ਼ਾ ਬੰਦ ਸੀ, ਜਦਕਿ ਦੂਜਾ ਖੁੱਲ੍ਹਾ ਸੀ।

ਉਨ੍ਹਾਂ ਦੱਸਿਆ ਕਿ ਤ੍ਰਿਣਵ ਨੇ 16 ਨਵੰਬਰ ਨੂੰ ਹੀ ਆਪਣਾ 18ਵਾਂ ਜਨਮਦਿਨ ਮਨਾਇਆ ਸੀ। ਪਰਿਵਾਰ ਵਿੱਚ ਕਿਸੇ ਤਰ੍ਹਾਂ ਦੇ ਤਣਾਅ ਜਾਂ ਪਰੇਸ਼ਾਨੀ ਦੀ ਜਾਣਕਾਰੀ ਨਹੀਂ ਸੀ।

ਥਾਣਾ ਨੰਬਰ-2 ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸਿਵਲ ਹਸਪਤਾਲ ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਮ੍ਰਿਤਕ ਦੇ ਪਿਤਾ ਅਤੇ ਨਾਨਾ ਦੇ ਬਿਆਨ ਦਰਜ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਪੁਲਿਸ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਹਾਲਾਂਕਿ, ਪੁਲਿਸ ਮੁੱਢਲੇ ਤੌਰ 'ਤੇ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਮੰਨ ਕੇ ਜਾਂਚ ਕਰ ਰਹੀ ਹੈ, ਪਰ ਹੱਥ-ਪੈਰ ਬੰਨ੍ਹੇ ਹੋਣ ਸਮੇਤ ਹੋਰ ਸ਼ੱਕੀ ਹਾਲਾਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande