ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਵਾਂਗੇ, ਵਪਾਰੀਆਂ ਲਈ ਰਾਹਤ ਸਕੀਮ ਮੁੜ ਸ਼ੁਰੂ ਹੋਵੇਗੀ: ਸੁਖਬੀਰ ਬਾਦਲ
ਅਕਾਲੀ ਦਲ-ਭਾਜਪਾ ਸਰਕਾਰ ਬਣਨ ’ਤੇ ਸੋਲਰ ਪਾਰਕ ਸਥਾਪਿਤ ਕਰਨ ਦਾ ਐਲਾਨ ਵਪਾਰੀਆਂ ਨੂੰ 10 ਲੱਖ ਦਾ ਮੈਡੀਕਲ ਤੇ ਅਗਜ਼ਨੀ ਬੀਮਾ ਅਤੇ 15 ਲੱਖ ਦਾ ਜੀਵਨ ਬੀਮਾ ਦੇਣ ਦਾ ਵਾਅਦਾ ਖੰਨਾ, 26 ਨਵੰਬਰ (ਹਿੰ.ਸ.)| ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ 2027 ਵਿੱਚ ਅਕਾਲੀ
ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ


ਅਕਾਲੀ ਦਲ-ਭਾਜਪਾ ਸਰਕਾਰ ਬਣਨ ’ਤੇ ਸੋਲਰ ਪਾਰਕ ਸਥਾਪਿਤ ਕਰਨ ਦਾ ਐਲਾਨ ਵਪਾਰੀਆਂ ਨੂੰ 10 ਲੱਖ ਦਾ ਮੈਡੀਕਲ ਤੇ ਅਗਜ਼ਨੀ ਬੀਮਾ ਅਤੇ 15 ਲੱਖ ਦਾ ਜੀਵਨ ਬੀਮਾ ਦੇਣ ਦਾ ਵਾਅਦਾ

ਖੰਨਾ, 26 ਨਵੰਬਰ (ਹਿੰ.ਸ.)| ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ 2027 ਵਿੱਚ ਅਕਾਲੀ ਦਲ-ਭਾਜਪਾ ਸਰਕਾਰ ਬਣਨ ’ਤੇ ਉਦਯੋਗਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ ਲਈ ਸੋਲਰ ਪਾਰਕ ਸਥਾਪਿਤ ਕੀਤੇ ਜਾਣਗੇ। ਇਸ ਦੇ ਨਾਲ ਹੀ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਦਿੱਤੀ ਜਾਵੇਗੀ ਅਤੇ ਨਵੇਂ ਉਦਯੋਗਾਂ ਨੂੰ ਸੂਬਾਈ ਜੀਐੱਸਟੀ ਆਪਣੇ ਕੋਲ ਰੱਖਣ ਦੀ ਸਹੂਲਤ ਦਿੱਤੀ ਜਾਵੇਗੀ।

ਜਗਰਾਓਂ ਅਤੇ ਖੰਨਾ ਵਿਖੇ ਵਪਾਰੀਆਂ ਅਤੇ ਉਦਯੋਗਪਤੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਉਦਯੋਗਿਕ ਖੇਤਰ ਦੇ ਸਾਰੇ ਲਟਕਦੇ ਮਸਲੇ ਹੱਲ ਕਰਨ ਅਤੇ ਵਪਾਰੀਆਂ ਨੂੰ ਰਾਹਤ ਦੇਣ ਲਈ ਵਚਨਬੱਧ ਹੈ। ਉਨ੍ਹਾਂ ਐਲਾਨ ਕੀਤਾ ਕਿ ਛੋਟੇ ਵਪਾਰੀਆਂ ਲਈ ਰਾਹਤ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ, ਜਿਸ ਤਹਿਤ ਉਨ੍ਹਾਂ ਨੂੰ ਸਾਲਾਨਾ ਸਿਰਫ਼ 1,000 ਰੁਪਏ ਅਦਾ ਕਰਨੇ ਪੈਣਗੇ ਅਤੇ ਬਹੀ-ਖਾਤੇ ਰੱਖਣ ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਇਲਾਵਾ ਵਪਾਰੀਆਂ ਨੂੰ 10 ਲੱਖ ਰੁਪਏ ਦਾ ਮੈਡੀਕਲ ਅਤੇ ਅਗਜ਼ਨੀ ਬੀਮਾ ਅਤੇ 15 ਲੱਖ ਰੁਪਏ ਦਾ ਜੀਵਨ ਬੀਮਾ ਮੁਹੱਈਆ ਕਰਵਾਇਆ ਜਾਵੇਗਾ।

ਸਟੀਲ ਰੋਲਿੰਗ ਮਿੱਲਜ਼ ਦੇ ਨੁਮਾਇੰਦੇ ਵਿਨੋਦ ਵਸ਼ਿਸ਼ਟ ਵੱਲੋਂ ਉਠਾਏ ਸਵਾਲ ਦੇ ਜਵਾਬ ਵਿੱਚ ਬਾਦਲ ਨੇ ਕਿਹਾ ਕਿ ਅਗਲੀ ਅਕਾਲੀ ਦਲ-ਭਾਜਪਾ ਸਰਕਾਰ ਸੋਲਰ ਪਾਰਕ ਸਥਾਪਿਤ ਕਰੇਗੀ ਅਤੇ ਉਦਯੋਗਾਂ ਨੂੰ ਆਪਣੀ ਬਿਜਲੀ ਦੀ ਲੋੜ ਮੁਤਾਬਕ ਇਨ੍ਹਾਂ ਵਿੱਚ ਨਿਵੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਚਾਰ ਸਾਲਾਂ ਦੌਰਾਨ ਨਾਮਾਤਰ ਦਰਾਂ ’ਤੇ ਬਿਜਲੀ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ ਬਿਜਲੀ ਮੁਫ਼ਤ ਮੁਹੱਈਆ ਕਰਵਾਉਣ ਦੀ ਯੋਜਨਾ ਹੈ। ਉਨ੍ਹਾਂ ਸਟੀਲ ਰੋਲਿੰਗ ਉਦਯੋਗ ਵਿੱਚ ਮਲਟੀ ਫਿਊਲ ਦੀ ਵਰਤੋਂ ਦੀ ਆਗਿਆ ਦੇਣ ਦਾ ਭਰੋਸਾ ਵੀ ਦਿੱਤਾ।

ਕੋਲਡ ਸਟੋਰੇਜ ਐਸੋਸੀਏਸ਼ਨ ਜਗਰਾਓਂ ਦੇ ਨੁਮਾਇੰਦੇ ਦੀਦਾਰ ਸਿੰਘ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਆਟਾ-ਦਾਲ ਸਕੀਮ ਤਹਿਤ ਆਲੂ ਵੀ ਵੰਡੇ ਜਾਣਗੇ, ਜਿਸ ਨਾਲ ਕਿਸਾਨਾਂ ਅਤੇ ਕੋਲਡ ਸਟੋਰੇਜ ਉਦਯੋਗਾਂ ਨੂੰ ਲਾਭ ਮਿਲੇਗਾ। ਉਨ੍ਹਾਂ ਫਿਕਸ ਬਿਜਲੀ ਦਰਾਂ ਸਬੰਧੀ ਮੰਗ ’ਤੇ ਹਮਦਰਦੀ ਨਾਲ ਵਿਚਾਰ ਕਰਨ ਅਤੇ ਐਗਰੋ ਪ੍ਰੋਸੈਸਿੰਗ ਨੂੰ ਟੈਕਸ ਮੁਕਤ ਕਰਨ ਦਾ ਵੀ ਐਲਾਨ ਕੀਤਾ।

ਪ੍ਰਾਪਰਟੀ ਡੀਲਰਾਂ ਦੇ ਨੁਮਾਇੰਦੇ ਟੋਨੀ ਵਰਮਾ ਨੂੰ ਭਰੋਸਾ ਦਿੰਦਿਆਂ ਬਾਦਲ ਨੇ ਕਿਹਾ ਕਿ ਅਗਲੀ ਸਰਕਾਰ ਪ੍ਰਾਪਰਟੀ ਦੀ ਖਰੀਦ-ਵੇਚ ’ਤੇ ਐੱਨਓਸੀ ਦੀ ਸ਼ਰਤ ਖ਼ਤਮ ਕਰੇਗੀ ਅਤੇ ਸਾਰੀਆਂ ਗ਼ੈਰ-ਕਾਨੂੰਨੀ ਕਲੋਨੀਆਂ ਨੂੰ ਜਿੱਥੇ ਹਨ, ਜਿਵੇਂ ਹਨ, ਦੇ ਆਧਾਰ ’ਤੇ ਰੈਗੂਲਰ ਕੀਤਾ ਜਾਵੇਗਾ। ਉਨ੍ਹਾਂ ਫੇਸਲੈੱਸ ਰਜਿਸਟਰੀ ਪ੍ਰਣਾਲੀ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਵਿੱਚ ਤਹਿਸੀਲਦਾਰ ਦੀ ਦਖ਼ਲਅੰਦਾਜ਼ੀ ਨਹੀਂ ਹੋਵੇਗੀ। ਰਜਿਸਟਰੀ ਅਤੇ ਇੰਤਕਾਲ ਦੀ ਪ੍ਰਕਿਰਿਆ ਵੀ ਇਕੱਠੀ ਕੀਤੀ ਜਾਵੇਗੀ।

ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦੇ ਰਾਜਿੰਦਰ ਸ਼ਰਮਾ ਨੂੰ ਉਨ੍ਹਾਂ ਦੀ ਕਮਿਸ਼ਨ 2.5 ਫ਼ੀਸਦੀ ਕਰਨ ਦੀ ਮੰਗ ਹੱਲ ਕਰਨ ਦਾ ਭਰੋਸਾ ਦਿੱਤਾ। ਫਲੋਰ ਮਿੱਲਜ਼ ਐਸੋਸੀਏਸ਼ਨ ਨੂੰ ਸਥਾਨਕ ਕਣਕ ਮੁਹੱਈਆ ਕਰਵਾਉਣ ਅਤੇ ਰੈਡੀਮੇਡ ਕੱਪੜਿਆਂ ’ਤੇ 18 ਫ਼ੀਸਦੀ ਜੀਐੱਸਟੀ ਹਟਾਉਣ ਦੀ ਮੰਗ ਕੇਂਦਰ ਸਰਕਾਰ ਕੋਲ ਉਠਾਉਣ ਦਾ ਭਰੋਸਾ ਵੀ ਦਿੱਤਾ।

ਇਸੇ ਤਰ੍ਹਾਂ ਭੱਠਾ ਮਾਲਕਾਂ ਨੂੰ ਪਰਾਲੀ ਦੀਆਂ ਗੰਢਾਂ ਜ਼ਬਰਦਸਤੀ ਵਰਤਣ ਲਈ ਮਜਬੂਰ ਨਾ ਕਰਨ, ਸ਼ੈਲਰ ਮਾਲਕਾਂ ਦੇ ਗੋਦਾਮ 31 ਮਾਰਚ ਤੱਕ ਖਾਲੀ ਕਰਨ ਦੀ ਮੰਗ ’ਤੇ ਵਿਚਾਰ ਕਰਨ ਅਤੇ ਪੰਜਾਬ ਵਿੱਚ ਦਾਲਾਂ ਦੀ ਖਰੀਦ ਤੇ ਮਿਲਿੰਗ ਨੂੰ ਉਤਸ਼ਾਹਿਤ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਪੰਜਾਬ ਵਿੱਚ ਹੀ ਉਗਾਓ ਮੁਹਿੰਮ ਸ਼ੁਰੂ ਕਰਕੇ ਸਥਾਨਕ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੀ ਗੱਲ ਵੀ ਕਹੀ। ਸੁਨਿਆਰਿਆਂ ਨੂੰ ਪੁਲਿਸ ਵੱਲੋਂ ਬੇਵਜ੍ਹਾ ਤੰਗ ਨਾ ਕਰਨ ਅਤੇ ਚੋਰੀ ਦੇ ਮਾਮਲਿਆਂ ਵਿੱਚ ਉਨ੍ਹਾਂ ਦਾ ਪੱਖ ਸੁਣਨ ਦਾ ਭਰੋਸਾ ਦਿੱਤਾ।

ਇਸ ਮੌਕੇ ਦੋਵਾਂ ਸਮਾਗਮਾਂ ਵਿੱਚ ਭਾਜਪਾ ਦੇ ਕਈ ਸੀਨੀਅਰ ਆਗੂ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਦਯੋਗਿਕ ਖੇਤਰ ਨੂੰ ਮੁੜ ਸੁਰਜੀਤ ਕਰਨ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਅਕਾਲੀ ਦਲ-ਭਾਜਪਾ ਸਰਕਾਰ ਦੀ ਲੋੜ ਹੈ। ਜਗਰਾਓਂ ਵਿੱਚ ਐੱਸ.ਆਰ. ਕਲੇਰ, ਹੀਰਾ ਸਿੰਘ ਗਾਬੜੀਆ, ਗੁਰਚਰਨ ਸਿੰਘ ਗਰੇਵਾਲ ਅਤੇ ਚੰਦ ਸਿੰਘ ਡੱਲਾ ਸਮੇਤ ਕਈ ਆਗੂ ਹਾਜ਼ਰ ਰਹੇ, ਜਦਕਿ ਖੰਨਾ ਵਿੱਚ ਯਾਦਵਿੰਦਰ ਸਿੰਘ ਯਾਦੂ ਅਤੇ ਅਨੂਪ ਸ਼ਰਮਾ ਵੀ ਮੌਜੂਦ ਸਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande