
ਕੁੱਟਮਾਰ ਕਰਕੇ ਖੋਹੇ ਪਾਸਪੋਰਟ ਤੇ ਮੋਬਾਈਲ, ਤਿੰਨ-ਚਾਰ ਦਿਨ ਜੰਗਲਾਂ ’ਚ ਭੁੱਖੇ-ਪਿਆਸੇ ਭਟਕਿਆ ਗੁਰਪ੍ਰੀਤ ਸਿੰਘ ਰੰਧਾਵਾ
ਚੰਡੀਗੜ੍ਹ, 27 ਨਵੰਬਰ (ਹਿੰ.ਸ.)| ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਲਈ ਜਾਣ ਵਾਲੇ ਪੰਜਾਬੀ ਨੌਜਵਾਨਾਂ ਨਾਲ ਧੋਖਾਧੜੀ ਅਤੇ ਉਨ੍ਹਾਂ ਨੂੰ ਜੰਗ ਵਿੱਚ ਧੱਕੇ ਜਾਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਰੰਧਾਵਾ ਦਾ ਸਾਹਮਣੇ ਆਇਆ ਹੈ, ਜੋ ਡਰਾਈਵਿੰਗ ਦਾ ਕੰਮ ਕਰਨ ਲਈ ਰੂਸ ਗਿਆ ਸੀ, ਪਰ ਪਰਿਵਾਰ ਦਾ ਦੋਸ਼ ਹੈ ਕਿ ਉੱਥੇ ਉਸ ਨੂੰ ਕੁੱਟਮਾਰ ਕਰਕੇ ਜ਼ਬਰਦਸਤੀ ਰੂਸੀ ਫ਼ੌਜ ਵਿੱਚ ਭਰਤੀ ਕਰ ਲਿਆ ਗਿਆ। ਆਪਣੀ ਜਾਨ ਬਚਾਉਣ ਲਈ ਉਹ ਤਿੰਨ-ਚਾਰ ਦਿਨ ਜੰਗਲਾਂ ਵਿੱਚ ਭੁੱਖੇ-ਪਿਆਸੇ ਭਟਕਣ ਤੋਂ ਬਾਅਦ ਯੂਕਰੇਨ ਪਹੁੰਚਿਆ, ਜਿੱਥੇ ਹੁਣ ਉਹ ਫਸਿਆ ਹੋਇਆ ਹੈ।
ਪੀੜਤ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਕੇ ਗੁਰਪ੍ਰੀਤ ਦੀ ਸੁਰੱਖਿਅਤ ਵਤਨ ਵਾਪਸੀ ਲਈ ਮਦਦ ਦੀ ਗੁਹਾਰ ਲਗਾਈ ਹੈ। ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਅਤੇ ਨੌਜਵਾਨ ਨੂੰ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।
ਗੁਰਪ੍ਰੀਤ ਦੀ ਭੈਣ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਅਗਸਤ 2026 ਵਿੱਚ ਡਰਾਈਵਿੰਗ ਦਾ ਕੰਮ ਕਰਨ ਅਤੇ ਪਰਿਵਾਰ ਦਾ ਭਵਿੱਖ ਬਿਹਤਰ ਬਣਾਉਣ ਦੀ ਆਸ ਨਾਲ ਰੂਸ ਗਿਆ ਸੀ। ਪਰ ਉੱਥੇ ਪਹੁੰਚਦਿਆਂ ਹੀ ਉਸ ਦੇ ਪੁਰਾਣੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਕਥਿਤ ਤੌਰ ’ਤੇ ਖੋਹ ਲਏ ਗਏ ਅਤੇ ਉਸ ਨੂੰ ਰੂਸ ਦਾ ਨਵਾਂ ਪਾਸਪੋਰਟ ਦੇ ਦਿੱਤਾ ਗਿਆ। ਉਸ ਦਾ ਮੋਬਾਈਲ ਫ਼ੋਨ ਵੀ ਖੋਹ ਲਿਆ ਗਿਆ, ਜਿਸ ਕਾਰਨ ਪਰਿਵਾਰ ਨਾਲ ਸੰਪਰਕ ਟੁੱਟ ਗਿਆ।
11 ਅਕਤੂਬਰ ਨੂੰ ਕਈ ਹਫ਼ਤਿਆਂ ਬਾਅਦ ਗੁਰਪ੍ਰੀਤ ਦੀ ਪਰਿਵਾਰ ਨਾਲ ਫ਼ੋਨ ’ਤੇ ਗੱਲ ਹੋਈ। ਉਸ ਨੇ ਦੱਸਿਆ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਜ਼ਬਰਦਸਤੀ ਰੂਸੀ ਫ਼ੌਜ ਵਿੱਚ ਭਰਤੀ ਕਰ ਲਿਆ ਗਿਆ ਹੈ। ਉਸ ਨੇ ਆਪਣੀ ਜਾਨ ਨੂੰ ਖ਼ਤਰਾ ਹੋਣ ਦੀ ਗੱਲ ਵੀ ਪਰਿਵਾਰ ਨੂੰ ਦੱਸੀ।
ਪਰਿਵਾਰ ਮੁਤਾਬਕ ਗੁਰਪ੍ਰੀਤ ਕਿਸੇ ਤਰ੍ਹਾਂ ਰੂਸੀ ਫ਼ੌਜ ਦੇ ਕਬਜ਼ੇ ਵਾਲੇ ਇਲਾਕੇ ਵਿੱਚੋਂ ਨਿਕਲ ਕੇ ਯੂਕਰੇਨ ਪਹੁੰਚਣ ਵਿੱਚ ਕਾਮਯਾਬ ਹੋਇਆ। ਇਸ ਦੌਰਾਨ ਉਸ ਨੂੰ ਤਿੰਨ-ਚਾਰ ਦਿਨ ਜੰਗਲਾਂ ਵਿੱਚ ਭੁੱਖੇ-ਪਿਆਸੇ ਰਹਿ ਕੇ ਆਪਣੀ ਜਾਨ ਬਚਾਉਣੀ ਪਈ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਇੱਕ ਵੀਡੀਓ ਵਿੱਚ ਵੀ ਉਹ ਯੂਟਿਊਬਰ ਨਾਲ ਪੌਡਕਾਸਟ ਦੌਰਾਨ ਆਪਣੀ ਹੱਡਬੀਤੀ ਸੁਣਾਉਂਦਾ ਨਜ਼ਰ ਆ ਰਿਹਾ ਹੈ।
ਗੁਰਪ੍ਰੀਤ ਦੇ ਪਰਿਵਾਰ ਵਿੱਚ ਪਤਨੀ, ਦੋ ਛੋਟੇ ਬੱਚੇ ਅਤੇ ਚਾਰ ਭੈਣਾਂ ਹਨ। ਸਾਰੇ ਉਸ ਦੀ ਸੁਰੱਖਿਅਤ ਵਾਪਸੀ ਦੀ ਉਡੀਕ ਕਰ ਰਹੇ ਹਨ। ਪਰਿਵਾਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰਪ੍ਰੀਤ ਨੂੰ ਜਲਦੀ ਭਾਰਤ ਵਾਪਸ ਲਿਆਉਣ ਲਈ ਕਦਮ ਚੁੱਕੇ ਜਾਣ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਮਾਮਲੇ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਜਾਣ ਵਾਲੇ ਪੰਜਾਬੀ ਨੌਜਵਾਨਾਂ ਨੂੰ ਇਸ ਤਰ੍ਹਾਂ ਜੰਗ ਵਿੱਚ ਧੱਕਿਆ ਜਾਣਾ ਬੇਹੱਦ ਦੁਖਦਾਈ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਿਦੇਸ਼ ਜਾਣ ਸਮੇਂ ਅਣਜਾਣ ਏਜੰਟਾਂ ਅਤੇ ਫਰਜ਼ੀ ਕੰਪਨੀਆਂ ਦੇ ਝਾਂਸੇ ਵਿੱਚ ਨਾ ਆਉਣ।
ਹਿੰਦੂਸਥਾਨ ਸਮਾਚਾਰ / GURSHARAN SINGH