
4 ਨਵੰਬਰ ਨੂੰ ਸੈਕਟਰ-24 ਦੇ ਹੋਟਲ ਪਾਰਕਵਿਊ ਵਿਖੇ ਹੋਵੇਗਾ ਇੱਕ ਰੋਜ਼ਾ ਸਮਾਗਮ, ਪੀੜਤ ਪਰਿਵਾਰ, ਚਸ਼ਮਦੀਦ ਗਵਾਹ, ਸਾਬਕਾ ਜੱਜ ਅਤੇ ਕਾਨੂੰਨੀ ਮਾਹਿਰ ਕਰਨਗੇ ਸ਼ਿਰਕਤ
ਚੰਡੀਗੜ੍ਹ, 03 ਨਵੰਬਰ (ਹਿੰ.ਸ.)| 1984 ਦੇ ਸਿੱਖ ਕਤਲੇਆਮ ਦੀਆਂ ਘਟਨਾਵਾਂ, ਪੀੜਤ ਪਰਿਵਾਰਾਂ ਦੀ ਇਨਸਾਫ਼ ਲਈ ਲੰਮੀ ਲੜਾਈ ਅਤੇ ਉਨ੍ਹਾਂ ਦੇ ਮੁੜ ਵਸੇਬੇ ਦੇ ਮੁੱਦਿਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ 4 ਨਵੰਬਰ ਨੂੰ ਚੰਡੀਗੜ੍ਹ ਵਿਖੇ ‘ਜ਼ਖ਼ਮ 84 ਦੇ’ ਸਿਰਲੇਖ ਹੇਠ ਇੱਕ ਰੋਜ਼ਾ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸੈਕਟਰ-24 ਸਥਿਤ ਹੋਟਲ ਪਾਰਕਵਿਊ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ।
ਸੰਮੇਲਨ ਦੇ ਇੰਚਾਰਜ ਰਜਨੀਸ਼ ਧੀਮਾਨ ਅਤੇ ਸਟੇਟ ਮੀਡੀਆ ਹੈੱਡ ਵਿਨੀਤ ਜੋਸ਼ੀ ਅਨੁਸਾਰ ਇਸ ਵਿੱਚ ਕਤਲੇਆਮ ਦੇ ਪੀੜਤ ਪਰਿਵਾਰਾਂ, ਚਸ਼ਮਦੀਦ ਗਵਾਹਾਂ, ਸਾਬਕਾ ਜੱਜਾਂ, ਵਕੀਲਾਂ ਅਤੇ ਸਮਾਜਿਕ ਤੇ ਸਿਆਸੀ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਦਾ ਮਕਸਦ ਨਵੀਂ ਪੀੜ੍ਹੀ ਨੂੰ 1984 ਦੀਆਂ ਘਟਨਾਵਾਂ ਨਾਲ ਜੁੜੇ ਤੱਥਾਂ ਤੋਂ ਜਾਣੂ ਕਰਵਾਉਣਾ ਅਤੇ ਇਨਸਾਫ਼ ਦੀ ਲੜਾਈ ਬਾਰੇ ਵਿਚਾਰ ਸਾਂਝੇ ਕਰਨਾ ਹੈ।
ਸਵੇਰੇ 9:30 ਵਜੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪਾਰਟੀ ਦੇ ਪੰਜਾਬ ਇੰਚਾਰਜ ਡਾ. ਸਤੀਸ਼ ਪੂਨੀਆ ਵੱਲੋਂ 1984 ਨਾਲ ਸਬੰਧਤ ਦਸਤਾਵੇਜ਼ੀ ਅਤੇ ਫੋਟੋਗ੍ਰਾਫਿਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਾਵੇਗਾ। ਸੰਮੇਲਨ ਦੀ ਕਾਰਵਾਈ ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਵੱਲੋਂ ਚਲਾਈ ਜਾਵੇਗੀ।
ਉਦਘਾਟਨੀ ਸਮਾਗਮ ਵਿੱਚ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਮੁੱਖ ਭਾਸ਼ਣ ਦੇਣਗੇ। ਇਸ ਤੋਂ ਬਾਅਦ ਵੱਖ-ਵੱਖ ਸੈਸ਼ਨਾਂ ਵਿੱਚ ਕਤਲੇਆਮ ਦੇ ਚਸ਼ਮਦੀਦ ਗਵਾਹਾਂ ਦੇ ਤਜਰਬੇ ਸੁਣੇ ਜਾਣਗੇ।
ਸੰਮੇਲਨ ਦੇ ਸੈਸ਼ਨਾਂ ਦੌਰਾਨ ‘ਸਿੱਖ ਕਤਲੇਆਮ: ਕਦੋਂ ਅਤੇ ਕਿਵੇਂ?’, ‘ਕੀ 1984 ਦਾ ਸਿੱਖ ਕਤਲੇਆਮ ਇੱਕ ਸਾਜ਼ਿਸ਼ ਸੀ?’ ਅਤੇ ‘ਇਨਸਾਫ਼ ਦਾ ਕਤਲ’ ਵਰਗੇ ਵਿਸ਼ਿਆਂ 'ਤੇ ਚਰਚਾ ਹੋਵੇਗੀ। ਇਸ ਵਿੱਚ ਨਿਰਪ੍ਰੀਤ ਕੌਰ, ਦਰਸ਼ਨ ਕੌਰ, ਜੰਗਸ਼ੇਰ ਸਿੰਘ, ਵਿਕਰਮਜੀਤ ਸਿੰਘ ਸਾਹਨੀ ਅਤੇ ਸਾਬਕਾ ਸੀਨੀਅਰ ਰਾਅ ਅਧਿਕਾਰੀ ਜੀ.ਬੀ.ਐੱਸ. ਸਿੱਧੂ ਸਮੇਤ ਕਈ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ।
ਇਸ ਤੋਂ ਇਲਾਵਾ ਸੇਵਾਮੁਕਤ ਜਸਟਿਸ ਐੱਸ.ਐੱਨ. ਢੀਂਗਰਾ, ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਅਤੇ ਵਕੀਲ ਅਸ਼ੋਕ ਕਸ਼ਯਪ ਵੱਲੋਂ ਜਾਂਚ ਪ੍ਰਕਿਰਿਆ, ਕਾਨੂੰਨੀ ਲੜਾਈ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਯਤਨਾਂ ਬਾਰੇ ਵਿਚਾਰ ਰੱਖੇ ਜਾਣਗੇ। ਸਮਾਪਤੀ ਸੈਸ਼ਨ ਵਿੱਚ 1984 ਦੇ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਅਤੇ ਰਾਹਤ ਯੋਜਨਾਵਾਂ ਬਾਰੇ ਚਰਚਾ ਹੋਵੇਗੀ। ਇਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਮਨਜਿੰਦਰ ਸਿੰਘ ਸਿਰਸਾ, ਡਾ. ਸਤੀਸ਼ ਪੂਨੀਆ, ਕੇਵਲ ਸਿੰਘ ਢਿੱਲੋਂ ਅਤੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਸ਼ਾਮਲ ਹੋਣਗੇ। ਸੰਮੇਲਨ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਤੋਂ ਸਿੱਖ ਵਿਦਵਾਨਾਂ, ਕਾਨੂੰਨੀ ਮਾਹਿਰਾਂ ਅਤੇ ਪੀੜਤ ਪਰਿਵਾਰਾਂ ਦੀ ਸ਼ਮੂਲੀਅਤ ਹੋਣ ਦੀ ਉਮੀਦ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH