
ਖਾਲੜਾ ਪੁਲਿਸ ਤੇ ਬੀਐਸਐਫ ਦਾ ਸਾਂਝਾ ਸਰਚ ਆਪ੍ਰੇਸ਼ਨ, ਪੀਲੇ ਰੰਗ ਦੇ ਪੈਕੇਟ 'ਚੋਂ 50 ਕਾਰਤੂਸ ਅਤੇ 4 ਮੈਗਜ਼ੀਨ ਵੀ ਮਿਲ
ਖਾਲੜਾ, 03 ਨਵੰਬਰ (ਹਿੰ.ਸ.)| ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡ ਮਾੜੀ ਮੇਘਾ ਦੇ ਖੇਤਾਂ ਵਿੱਚੋਂ ਖਾਲੜਾ ਪੁਲਿਸ ਅਤੇ ਸੀਮਾ ਸੁਰੱਖਿਆ ਬਲ ਨੇ ਨਸ਼ੇ ਅਤੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਚਲਾਏ ਗਏ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਪੁਲਿਸ ਅਤੇ BSF ਦੇ ਜਵਾਨਾਂ ਨੂੰ ਖੇਤਾਂ ਵਿੱਚੋਂ ਡਰੋਨ ਰਾਹੀਂ ਸੁੱਟਿਆ ਗਿਆ ਇੱਕ ਪੀਲੇ ਰੰਗ ਦਾ ਸ਼ੱਕੀ ਪੈਕੇਟ ਮਿਲਿਆ। ਪੈਕੇਟ ਦੀ ਜਾਂਚ ਕਰਨ 'ਤੇ ਉਸ ਵਿੱਚੋਂ 1 ਕਿਲੋ 965 ਗ੍ਰਾਮ ਹੈਰੋਇਨ, 85 ਗ੍ਰਾਮ ਪੈਕਿੰਗ ਸਮੱਗਰੀ, 4 ਵਿਦੇਸ਼ੀ ਪਿਸਤੌਲ, 4 ਮੈਗਜ਼ੀਨ ਅਤੇ 50 ਜ਼ਿੰਦਾ ਕਾਰਤੂਸ ਬਰਾਮਦ ਹੋਏ।
ਥਾਣਾ ਖਾਲੜਾ ਦੇ ਮੁਖੀ ਐਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਬੀਐਸਐਫ ਦੀ 115ਵੀਂ ਬਟਾਲੀਅਨ ਦੀ ਬੀਓਪੀ ਦੇ ਕਮਾਂਡਰ ਐਲ.ਐਸ. ਸ਼ਰਮਾ ਅਤੇ ਜਵਾਨਾਂ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਖੇਤਾਂ ਵਿੱਚ ਇੱਕ ਸ਼ੱਕੀ ਪੀਲੇ ਰੰਗ ਦਾ ਪੈਕੇਟ ਮਿਲਿਆ। ਜਦੋਂ ਉਸ ਨੂੰ ਖੋਲ੍ਹ ਕੇ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਹੈਰੋਇਨ ਅਤੇ ਹਥਿਆਰ ਬਰਾਮਦ ਹੋਏ।
ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਤੁਰਕੀ ਨਿਰਮਿਤ ਚਾਰ ਵਿਦੇਸ਼ੀ ਪਿਸਤੌਲ (ਪੀਐਕਸ 5.7 ਟੀਐਸਐਸ), ਚਾਰ ਮੈਗਜ਼ੀਨ ਅਤੇ 50 ਕਾਰਤੂਸ ਸ਼ਾਮਲ ਹਨ।
ਪੁਲਿਸ ਨੇ ਨਸ਼ੇ ਅਤੇ ਹਥਿਆਰਾਂ ਦੀ ਸਾਰੀ ਖੇਪ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਇਸ ਸਬੰਧੀ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਖੇਪ ਕਿਸ ਵੱਲੋਂ ਭੇਜੀ ਗਈ ਸੀ ਅਤੇ ਇਸ ਨੂੰ ਅੱਗੇ ਕਿਸ ਤੱਕ ਪਹੁੰਚਾਇਆ ਜਾਣਾ ਸੀ।
ਹਿੰਦੂਸਥਾਨ ਸਮਾਚਾਰ / GURSHARAN SINGH