ਪੀਪੀਐਸਸੀ ਵੱਲੋਂ ਦਿੱਤੀ ਕਲੀਨ ਚਿੱਟ ਸਿਆਸੀ ਆਕਾਵਾਂ ਨੂੰ ਬਚਾਉਣ ਦੀ ਕੋਸ਼ਿਸ਼: ਕੇਵਲ ਸਿੰਘ ਢਿੱਲੋਂ
ਚੰਡੀਗੜ੍ਹ, 06 ਨਵੰਬਰ (ਹਿੰ.ਸ.)| ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਪੀਪੀਐਸਸੀ ਮੇਨਜ਼ ਪ੍ਰੀਖਿਆ ਦੇ ਨਤੀਜਿਆਂ ਬਾਰੇ ਦਿੱਤੇ ਸਪੱਸ਼ਟੀਕਰਨ ਨੂੰ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਕਮਿਸ਼ਨ ਦੇ ਇਸ ਸਪੱਸ਼ਟੀਕਰਨ ਨੂੰ ਸਿਆਸੀ ਪ੍ਰਭਾਵਸ਼ਾਲੀ ਲੋਕਾਂ ਨੂੰ
ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ


ਚੰਡੀਗੜ੍ਹ, 06 ਨਵੰਬਰ (ਹਿੰ.ਸ.)| ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਪੀਪੀਐਸਸੀ ਮੇਨਜ਼ ਪ੍ਰੀਖਿਆ ਦੇ ਨਤੀਜਿਆਂ ਬਾਰੇ ਦਿੱਤੇ ਸਪੱਸ਼ਟੀਕਰਨ ਨੂੰ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਕਮਿਸ਼ਨ ਦੇ ਇਸ ਸਪੱਸ਼ਟੀਕਰਨ ਨੂੰ ਸਿਆਸੀ ਪ੍ਰਭਾਵਸ਼ਾਲੀ ਲੋਕਾਂ ਨੂੰ ਬਚਾਉਣ ਲਈ ਦਿੱਤੀ ਗਈ ਸਵੈ-ਕਲੀਨ ਚਿੱਟ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਸਰਕਾਰੀ ਭਰਤੀਆਂ ਦੀ ਪਾਰਦਰਸ਼ਤਾ ਅਤੇ ਮੈਰਿਟ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

ਢਿੱਲੋਂ ਨੇ ਕਿਹਾ ਕਿ ਜਦੋਂ ਕਿਸੇ ਸੰਸਥਾ ਦੇ ਕੰਮਕਾਜ 'ਤੇ ਗੰਭੀਰ ਸਵਾਲ ਉੱਠ ਰਹੇ ਹੋਣ ਤਾਂ ਉਹ ਖੁਦ ਆਪਣੀ ਜਾਂਚ ਕਰਕੇ ਆਪਣੇ ਆਪ ਨੂੰ ਨਿਰਦੋਸ਼ ਨਹੀਂ ਐਲਾਨ ਸਕਦੀ। ਉਨ੍ਹਾਂ ਪੀਪੀਐਸਸੀ ਮੇਨਜ਼ ਪ੍ਰੀਖਿਆ ਵਿੱਚ ਇੱਕੋ ਕੇਂਦਰ ਦੇ ਇੱਕ ਹਾਲ ਵਿੱਚੋਂ 10 ਤੋਂ 11 ਉਮੀਦਵਾਰਾਂ ਦੇ ਸਫ਼ਲ ਹੋਣ ਅਤੇ ਲਗਾਤਾਰ ਰੋਲ ਨੰਬਰਾਂ ਵਾਲੇ ਉਮੀਦਵਾਰਾਂ ਦੇ ਚੁਣੇ ਜਾਣ 'ਤੇ ਸ਼ੱਕ ਪ੍ਰਗਟਾਇਆ।

ਭਾਜਪਾ ਪ੍ਰਧਾਨ ਨੇ ਫਾਰਮੇਸੀ ਅਫ਼ਸਰਾਂ ਦੀ ਭਰਤੀ ਦੌਰਾਨ ਸਾਹਮਣੇ ਆਏ ਕਥਿਤ ਨਕਲ ਅਤੇ ਧਾਂਦਲੀ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਲੁਕਵੇਂ ਕੈਮਰਿਆਂ ਅਤੇ ਵਾਇਰਲੈੱਸ ਉਪਕਰਣਾਂ ਰਾਹੀਂ ਨਕਲ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ ਸੀ। ਉਨ੍ਹਾਂ ਅਨੁਸਾਰ ਇਸ ਮਾਮਲੇ ਵਿੱਚ ਕਈ ਗ੍ਰਿਫ਼ਤਾਰੀਆਂ ਵੀ ਹੋਈਆਂ ਸਨ ਅਤੇ ਹਾਈਕੋਰਟ ਨੂੰ ਦਖ਼ਲ ਦੇਣਾ ਪਿਆ ਸੀ।

ਉਨ੍ਹਾਂ ਦੋਸ਼ ਲਾਇਆ ਕਿ ਪੀਪੀਐਸਸੀ ਪ੍ਰੀਖਿਆ ਦਾ ਵਿਵਾਦ ਵੀ ਪੰਜਾਬ ਦੀ ਭਰਤੀ ਪ੍ਰਣਾਲੀ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕਰਦਾ ਹੈ। ਸਰਕਾਰ ਦੇ ਪਾਰਦਰਸ਼ੀ ਅਤੇ ਮੈਰਿਟ ਆਧਾਰਿਤ ਭਰਤੀਆਂ ਦੇ ਦਾਅਵਿਆਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।

ਕੇਵਲ ਸਿੰਘ ਢਿੱਲੋਂ ਨੇ ਮੰਗ ਕੀਤੀ ਕਿ ਪੀਪੀਐਸਸੀ ਮੇਨਜ਼ ਦੀ ਚੋਣ ਪ੍ਰਕਿਰਿਆ ਅਤੇ ਨਿਰਧਾਰਤ ਇੰਟਰਵਿਊ ਜਾਂਚ ਪੂਰੀ ਹੋਣ ਤੱਕ ਤੁਰੰਤ ਰੋਕੇ ਜਾਣ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ ਅਤੇ ਪੰਜਾਬ-ਹਰਿਆਣਾ ਹਾਈਕੋਰਟ ਦੀ ਨਿਗਰਾਨੀ ਹੇਠ ਕਰਵਾਈ ਜਾਵੇ। ਉਨ੍ਹਾਂ ਸਾਰੇ ਪ੍ਰੀਖਿਆ ਕੇਂਦਰਾਂ ਦੀ ਸੀਸੀਟੀਵੀ ਫੁਟੇਜ, ਬਾਇਓਮੈਟ੍ਰਿਕ ਹਾਜ਼ਰੀ ਦਾ ਰਿਕਾਰਡ ਅਤੇ ਮੁਲਾਂਕਣ ਕੀਤੀਆਂ ਉੱਤਰ-ਪੱਤਰੀਆਂ ਦਾ ਸੁਤੰਤਰ ਫੋਰੈਂਸਿਕ ਆਡਿਟ ਕਰਵਾਉਣ ਦੀ ਵੀ ਮੰਗ ਕੀਤੀ।

ਢਿੱਲੋਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਨਿਰਪੱਖ ਜਾਂਚ ਯਕੀਨੀ ਨਾ ਬਣਾਈ ਤਾਂ ਭਾਜਪਾ ਨੌਜਵਾਨਾਂ ਦੇ ਹੱਕ ਵਿੱਚ ਸੜਕਾਂ 'ਤੇ ਉਤਰ ਕੇ ਸੰਘਰਸ਼ ਕਰੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande