ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਸਫਲ ਮੇਜ਼ਬਾਨੀ, ਭਾਰਤ ਨੇ ਜਾਪਾਨ ਨੂੰ ਹਰਾ ਕੇ ਛੇਵੀਂ ਵਾਰ ਜਿੱਤਿਆ ਖਿਤਾਬ
ਹਰਮਨਪ੍ਰੀਤ ਸਿੰਘ ਬਣੇ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਤੇ ਟਾਪ ਸਕੋਰਰ, ਕ੍ਰਿਸ਼ਨ ਬਹਾਦਰ ਪਾਠਕ ਨੂੰ ਮਿਲਿਆ ਸਰਵੋਤਮ ਗੋਲਕੀਪਰ ਦਾ ਐਵਾਰਡ 2030 ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੰਜਾਬ ਦਾ ਦਾਅਵਾ ਹੋਇਆ ਹੋਰ ਮਜ਼ਬੂਤ ਮੋਹਾਲੀ, 06 ਨਵੰਬਰ (ਹਿੰ.ਸ.)| ਪੰਜਾਬ ਵਿੱਚ ਕਰਵਾਈ ਗਈ ਹੀਰੋ ਏਸ਼ੀਅਨ ਚੈਂਪੀਅਨਜ
ਪੰਜਾਬ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਸਫਲ ਮੇਜ਼ਬਾਨੀ, ਭਾਰਤ ਨੇ ਜਾਪਾਨ ਨੂੰ ਹਰਾ ਕੇ ਛੇਵੀਂ ਵਾਰ ਜਿੱਤਿਆ ਖਿਤਾਬ


ਹਰਮਨਪ੍ਰੀਤ ਸਿੰਘ ਬਣੇ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਤੇ ਟਾਪ ਸਕੋਰਰ, ਕ੍ਰਿਸ਼ਨ ਬਹਾਦਰ ਪਾਠਕ ਨੂੰ ਮਿਲਿਆ ਸਰਵੋਤਮ ਗੋਲਕੀਪਰ ਦਾ ਐਵਾਰਡ

2030 ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੰਜਾਬ ਦਾ ਦਾਅਵਾ ਹੋਇਆ ਹੋਰ ਮਜ਼ਬੂਤ

ਮੋਹਾਲੀ, 06 ਨਵੰਬਰ (ਹਿੰ.ਸ.)| ਪੰਜਾਬ ਵਿੱਚ ਕਰਵਾਈ ਗਈ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਦੀ ਸਫਲ ਮੇਜ਼ਬਾਨੀ ਨੇ ਸੂਬੇ ਨੂੰ ਅੰਤਰਰਾਸ਼ਟਰੀ ਹਾਕੀ ਦੇ ਨਕਸ਼ੇ 'ਤੇ ਨਵੀਂ ਪਛਾਣ ਦਿਵਾਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਵਿਸ਼ਵ ਹਾਕੀ ਦੇ ਪ੍ਰਮੁੱਖ ਕੇਂਦਰ ਵਜੋਂ ਸਥਾਪਿਤ ਕਰਨ ਦਾ ਸੁਪਨਾ ਇਸ ਟੂਰਨਾਮੈਂਟ ਰਾਹੀਂ ਸਾਕਾਰ ਹੁੰਦਾ ਨਜ਼ਰ ਆਇਆ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਫਾਈਨਲ ਮੁਕਾਬਲੇ ਵਿੱਚ ਜਾਪਾਨ ਨੂੰ 4-1 ਨਾਲ ਹਰਾ ਕੇ ਛੇਵੀਂ ਵਾਰ ਖਿਤਾਬ ਆਪਣੇ ਨਾਂ ਕੀਤਾ।

ਟੂਰਨਾਮੈਂਟ ਦੇ ਮੁਕਾਬਲੇ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਅਤੇ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਕਰਵਾਏ ਗਏ। ਭਾਰਤੀ ਟੀਮ ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਹੀ ਅਤੇ ਆਪਣੇ ਸਾਰੇ ਸੱਤ ਮੈਚ ਜਿੱਤ ਕੇ ਚੈਂਪੀਅਨ ਬਣੀ। ਇਸ ਜਿੱਤ ਨਾਲ ਭਾਰਤ ਨੇ 2023 ਅਤੇ 2024 ਤੋਂ ਬਾਅਦ ਲਗਾਤਾਰ ਤੀਜੀ ਵਾਰ ਖਿਤਾਬ ਜਿੱਤਣ ਦੀ ਹੈਟ੍ਰਿਕ ਵੀ ਪੂਰੀ ਕੀਤੀ।

ਫਾਈਨਲ ਵਿੱਚ ਜਾਪਾਨ ਨੇ ਸ਼ੁਰੂਆਤੀ ਮਿੰਟਾਂ ਵਿੱਚ ਗੋਲ ਕਰਕੇ ਭਾਰਤ 'ਤੇ ਦਬਾਅ ਬਣਾਇਆ ਅਤੇ ਪਹਿਲੇ ਹਾਫ਼ ਤੱਕ 1-0 ਦੀ ਬੜ੍ਹਤ ਬਣਾਈ ਰੱਖੀ। ਹਾਲਾਂਕਿ ਦੂਜੇ ਹਾਫ਼ ਵਿੱਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਸ਼ਿਲਾਨੰਦ ਲਾਕੜਾ ਨੇ 42ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਕੀਤਾ। ਇਸ ਤੋਂ ਬਾਅਦ ਦਿਲਪ੍ਰੀਤ ਸਿੰਘ ਨੇ 47ਵੇਂ ਮਿੰਟ, ਜੁਗਰਾਜ ਸਿੰਘ ਨੇ 52ਵੇਂ ਮਿੰਟ ਅਤੇ ਵਿਵੇਕ ਸਾਗਰ ਪ੍ਰਸਾਦ ਨੇ 53ਵੇਂ ਮਿੰਟ ਵਿੱਚ ਗੋਲ ਕਰਕੇ ਭਾਰਤ ਦੀ ਜਿੱਤ 4-1 ਨਾਲ ਪੱਕੀ ਕਰ ਦਿੱਤੀ। ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 5-2 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।

ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਉਸ ਨੇ 10 ਗੋਲ ਕਰਕੇ ਟਾਪ ਸਕੋਰਰ ਦਾ ਖਿਤਾਬ ਵੀ ਹਾਸਲ ਕੀਤਾ। ਇਸ ਦੌਰਾਨ ਉਸ ਦੇ ਅੰਤਰਰਾਸ਼ਟਰੀ ਗੋਲਾਂ ਦੀ ਗਿਣਤੀ 250 ਤੱਕ ਪਹੁੰਚ ਗਈ। ਦੂਜੇ ਪਾਸੇ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਨੂੰ ਸ਼ਾਨਦਾਰ ਬਚਾਅ ਲਈ ਟੂਰਨਾਮੈਂਟ ਦਾ ਸਰਵੋਤਮ ਗੋਲਕੀਪਰ ਐਲਾਨਿਆ ਗਿਆ।

ਮੋਹਾਲੀ ਵਿੱਚ ਪਹਿਲੀ ਵਾਰ ਕਿਸੇ ਵੱਡੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਗਈ। ਦਰਸ਼ਕਾਂ ਦੀ ਭਾਰੀ ਮੌਜੂਦਗੀ, ਆਧੁਨਿਕ ਸਹੂਲਤਾਂ ਅਤੇ ਸੁਚੱਜੇ ਪ੍ਰਬੰਧਾਂ ਨੇ ਵਿਦੇਸ਼ੀ ਟੀਮਾਂ ਅਤੇ ਖੇਡ ਪ੍ਰੇਮੀਆਂ ਦਾ ਧਿਆਨ ਖਿੱਚਿਆ। ਜਲੰਧਰ ਵਿੱਚ ਵੀ ਲੀਗ ਮੁਕਾਬਲਿਆਂ ਦੌਰਾਨ ਦਰਸ਼ਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਇਸ ਸਫਲ ਆਯੋਜਨ ਨਾਲ ਪੰਜਾਬ ਵੱਲੋਂ ਸਾਲ 2030 ਦੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦਾ ਦਾਅਵਾ ਹੋਰ ਮਜ਼ਬੂਤ ਹੋਇਆ ਹੈ। ਟੂਰਨਾਮੈਂਟ ਵਿੱਚ ਸਾਬਕਾ ਵਿਸ਼ਵ ਕੱਪ ਜੇਤੂਆਂ, ਓਲੰਪੀਅਨਾਂ ਅਤੇ ਪੈਰਿਸ ਓਲੰਪਿਕ-2024 ਦੇ ਤਮਗ਼ਾ ਜੇਤੂ ਖਿਡਾਰੀਆਂ ਦੀ ਸ਼ਮੂਲੀਅਤ ਨੇ ਵੀ ਇਸ ਦੀ ਮਹੱਤਤਾ ਵਧਾਈ। ਪੰਜਾਬ ਦੀ ਇਸ ਮੇਜ਼ਬਾਨੀ ਨੂੰ ਭਾਰਤੀ ਹਾਕੀ ਦੇ ਭਵਿੱਖ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸੂਬੇ ਦੀ ਖੇਡ ਪਛਾਣ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande