
ਚੰਡੀਗੜ੍ਹ, 09 ਨਵੰਬਰ (ਹਿੰ.ਸ.)| ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੋਨੀਆ ਗਾਂਧੀ ਵੱਲੋਂ ਆਪਣੀ ਕਿਤਾਬ ਵਿੱਚ ਬਾਬਰੀ ਮਸਜਿਦ ਦੇ ਢਾਹੇ ਜਾਣ ’ਤੇ ਪ੍ਰਗਟਾਈ ਗਈ ਭਾਵਨਾਤਮਕ ਪੀੜਾ ਦਾ ਹਵਾਲਾ ਦਿੰਦਿਆਂ ਕਾਂਗਰਸ ਪਾਰਟੀ ਦੀ ਸਿਆਸੀ ਅਤੇ ਵਿਚਾਰਧਾਰਕ ਪਹੁੰਚ ’ਤੇ ਸਵਾਲ ਉਠਾਏ ਹਨ।
ਉਨ੍ਹਾਂ ਕਿਹਾ ਕਿ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ, ਪਰ ਸਵਾਲ ਇਹ ਹੈ ਕਿ ਜੇਕਰ ਸੋਨੀਆ ਗਾਂਧੀ ਨੂੰ ਬਾਬਰੀ ਮਸਜਿਦ ਦੇ ਢਾਹੇ ਜਾਣ ਦਾ ਇੰਨਾ ਦੁੱਖ ਸੀ ਤਾਂ ਕਰੋੜਾਂ ਹਿੰਦੂਆਂ ਦੀ ਸਦੀਆਂ ਪੁਰਾਣੀ ਆਸਥਾ ਅਤੇ ਸ਼ਰਧਾ ਦੇ ਪ੍ਰਤੀਕ ਸ਼੍ਰੀ ਰਾਮ ਜਨਮਭੂਮੀ ਲਈ ਉਹੀ ਸੰਵੇਦਨਸ਼ੀਲਤਾ ਕਿਉਂ ਨਹੀਂ ਦਿਖਾਈ ਗਈ? ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਸਰਕਾਰ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਅਤੇ 1984 ਵਿੱਚ ਦਿੱਲੀ ਵਿਚ ਸਿੱਖ ਕਤਲੇਆਮ ਕੀਤਾ ਗਿਆ ਉਦੋਂ ਸੋਨੀਆ ਗਾਂਧੀ ਨੂੰ ਦਰਦ ਕਿਉਂ ਮਹਿਸੂਸ ਨਹੀਂ ਹੋਇਆ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਹਿਰੂ-ਗਾਂਧੀ ਪਰਿਵਾਰ ਵੱਲੋਂ ਬਾਬਰ ਦੀ ਵਿਰਾਸਤ ਨਾਲ ਜੁੜੇ ਪ੍ਰਤੀਕਾਂ ਨੂੰ ਦਿੱਤੀ ਗਈ ਮਹੱਤਤਾ ਅਤੇ ਦੂਜੇ ਪਾਸੇ ਸ਼੍ਰੀ ਰਾਮ ਜਨਮਭੂਮੀ ਅੰਦੋਲਨ ਪ੍ਰਤੀ ਕਾਂਗਰਸ ਦੇ ਰਵੱਈਏ ਵਿੱਚ ਸਪੱਸ਼ਟ ਵਿਰੋਧਾਭਾਸ ਨਜ਼ਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮੁੱਦਾ ਕਿਸੇ ਧਰਮ ਜਾਂ ਭਾਈਚਾਰੇ ਦੇ ਵਿਰੋਧ ਦਾ ਨਹੀਂ, ਸਗੋਂ ਸਿਆਸੀ ਦੋਹਰੇ ਮਾਪਦੰਡਾਂ ਅਤੇ ਚੋਣਵੇਂ ਧਰਮ ਨਿਰਪੱਖਤਾ ਦੇ ਰਵੱਈਏ ਦਾ ਹੈ। ਕਾਂਗਰਸ ਨੂੰ ਦੱਸਣਾ ਚਾਹੀਦਾ ਹੈ ਕਿ ਹਿੰਦੂ ਸਮਾਜ ਦੀਆਂ ਧਾਰਮਿਕ, ਸਭਿਅਤਾਗਤ ਅਤੇ ਇਤਿਹਾਸਕ ਭਾਵਨਾਵਾਂ ਨੂੰ ਬਰਾਬਰ ਦਾ ਸਨਮਾਨ ਦੇਣ ਵਿੱਚ ਉਸ ਨੂੰ ਇਤਰਾਜ਼ ਕਿਉਂ ਰਿਹਾ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸ਼੍ਰੀ ਰਾਮ ਕਰੋੜਾਂ ਭਾਰਤੀਆਂ ਦੀ ਆਸਥਾ, ਸੰਸਕ੍ਰਿਤੀ ਅਤੇ ਸਭਿਅਤਾ ਦਾ ਅਟੁੱਟ ਹਿੱਸਾ ਹਨ ਅਤੇ ਉਨ੍ਹਾਂ ਦੀ ਜਨਮਭੂਮੀ ਪ੍ਰਤੀ ਸ਼ਰਧਾ ਦਾ ਸਤਿਕਾਰ ਹੋਣਾ ਚਾਹੀਦਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH