
ਚੰਡੀਗੜ੍ਹ, 21 ਫਰਵਰੀ (ਹਿੰ.ਸ.)। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਨਿਵਾਰ ਨੂੰ ਪੰਜਾਬ ਭਵਨ ਵਿਖੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਵਿੱਦਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਨਿਰੰਤਰ ਸੁਧਾਰਾਂ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੇ 305 ਵਿਦਿਆਰਥੀਆਂ ਨੇ ਪਹਿਲੀ ਕੋਸ਼ਿਸ਼ ਵਿੱਚ ਹੀ ਜੁਆਇੰਟ ਐਂਟਰੈਂਸ ਪ੍ਰੀਖਿਆ (ਜੇ.ਈ.ਈ.) ਮੇਨਜ਼- 2026 ਪਾਸ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਜੋ ਕਿ ਪਿਛਲੇ ਸਾਲ ਦੇ 187 ਸਫਲ ਉਮੀਦਵਾਰਾਂ ਨਾਲੋਂ 63 ਫੀਸਦੀ ਦੇ ਸ਼ਾਨਦਾਰ ਵਾਧੇ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਇਸ ਪ੍ਰਾਪਤੀ ਨੂੰ ਸੂਬੇ ਦੀ ਸਕੂਲ ਸਿੱਖਿਆ ਪ੍ਰਣਾਲੀ ਲਈ ਇੱਕ ਅਹਿਮ ਤੇ ਇਤਿਹਾਸਕ ਪਲ ਦੱਸਿਆ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਦੇ ਹਲਕੇ ਸ੍ਰੀ ਆਨੰਦਪੁਰ ਸਾਹਿਬ ਦੇ ਪੰਜ ਵਿਦਿਆਰਥੀਆਂ ਨੇ ਵੀ ਇਹ ਵੱਕਾਰੀ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਯੋਗ ਵਿਦਿਆਰਥੀਆਂ ਨੂੰ ਜੇ.ਈ.ਈ. ਐਡਵਾਂਸ ਦੀ ਤਿਆਰੀ ਲਈ ਤਿੰਨ ਹਫ਼ਤਿਆਂ ਦਾ ਵਿਸ਼ੇਸ਼ ਰਿਹਾਇਸ਼ੀ ਸਿਖਲਾਈ ਕੈਂਪ ਲਾਵੇਗੀ ਤਾਂ ਜੋ ਅਗਲੇ ਪੜਾਅ ਲਈ ਉਨ੍ਹਾਂ ਦਾ ਸਹੀ ਮਾਰਗਦਰਸ਼ਨ ਯਕੀਨੀ ਬਣਾਇਆ ਜਾ ਸਕੇ।
ਬੈਂਸ ਨੇ ਕਿਹਾ,“ਇਹ ਪ੍ਰਾਪਤੀ ਸਾਡੇ ਪੂਰੇ ਸਕੂਲ ਸਿੱਖਿਆ ਵਿਭਾਗ ਲਈ ਬਹੁਤ ਮਾਣ ਵਾਲੀ ਗੱਲ ਹੈ। ਮੈਂ ਆਪਣੇ ਸਾਰੇ ਸਮਰਪਿਤ ਅਧਿਆਪਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਹਾਲ ਹੀ ਵਿੱਚ ਆਏ ਜੇ.ਈ.ਈ. ਮੇਨਜ਼ ਫੇਜ਼ 1 ਦੇ ਨਤੀਜਿਆਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਤਸਵੀਰ ਪੇਸ਼ ਕੀਤੀ ਹੈ , ਜਿਸ ਵਿੱਚ 305 ਵਿਦਿਆਰਥੀਆਂ ਨੇ ਪ੍ਰਤੀਯੋਗੀ ਇੰਜੀਨੀਅਰਿੰਗ ਪ੍ਰੀਖਿਆ ਪਾਸ ਕੀਤੀ ਹੈ। ਇਹ ਪ੍ਰਾਪਤੀ ਪਿਛਲੇ ਸਾਲ ਦੇ 187 ਸਫ਼ਲ ਉਮੀਦਵਾਰਾਂ ਨਾਲੋਂ 63 ਫੀਸਦ ਦਾ ਸ਼ਾਨਦਾਰ ਵਾਧਾ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਇੱਕ ਸਾਲ ਵਿੱਚ ਹੀ ਇੰਨਾ ਵੱਡਾ ਮੀਲ ਪੱਥਰ ਸਥਾਪਤ ਕਰਨਾ ਸਾਡੀ ਪੰਜਾਬ ਸਿੱਖਿਆ ਕ੍ਰਾਂਤੀ ਪਹਿਲਕਦਮੀ ਦੀ ਪਰਿਵਰਤਨਸ਼ੀਲ ਸ਼ਕਤੀ ਦਾ ਪ੍ਰਤੱਖ ਪ੍ਰਮਾਣ ਹੈ। ਅਸੀਂ ਆਪਣੀ ਤਰੱਕੀ ਨੂੰ ਹੋਰ ਤੇਜ਼ ਕਰਨ ਲਈ ਵਚਨਬੱਧ ਹਾਂ,।’’
ਇਨ੍ਹਾਂ ਵਿਦਿਆਰਥੀਆਂ ਦੀ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਭਵਿੱਸ਼ਯਾ, ਜੋ ਸਕੂਲ ਆਫ਼ ਐਮੀਨੈਂਸ, ਟਾਊਨ ਹਾਲ, ਅੰਮ੍ਰਿਤਸਰ , 12ਵੀਂ ਜਮਾਤ ਨਾਨ-ਮੈਡੀਕਲ ਦਾ ਵਿਦਿਆਰਥੀ ਹੈ, ਨੇ 98.182 ਫੀਸਦੀ ਅੰਕ ਪ੍ਰਾਪਤ ਕੀਤੇ, ਭਾਵੇਂ ਕਿ ਉਹ ਸਿਰਫ਼ 1.5 ਲੱਖ ਦੀ ਸਾਲਾਨਾ ਆਮਦਨ ਵਾਲੇ ਗਰੀਬ ਪਰਿਵਾਰ ਤੋਂ ਆਉਂਦਾ ਹੈ। ਉਸਦੇ ਪਿਤਾ ਮੋਬਾਈਲ ਮੁਰੰਮਤ ਦੀ ਦੁਕਾਨ ਚਲਾਉਂਦੇ ਹਨ ਅਤੇ ਉਸਦੀ ਮਾਂ ਕੱਪੜੇ ਸਿਉਂਦੀ ਹੈ । ਮੰਤਰੀ ਨੇ ਦੱਸਿਆ ਕਿ ਵਿੱਤੀ ਰੁਕਾਵਟਾਂ ਦੇ ਬਾਵਜੂਦ, ਇੰਜੀਨੀਅਰਿੰਗ ਕਰਨ ਅਤੇ ਆਪਣੇ ਪਰਿਵਾਰ ਦੇ ਵਿੱਤੀ ਪੱਧਰ ਨੂੰ ਉੱਚਾ ਚੁੱਕਣ ਦਾ ਉਸਦਾ ਇਰਾਦਾ ਅਡੋਲ ਤੇ ਅਡਿੱਗ ਰਿਹਾ। ਸਕੂਲ ਦੇ ਪੂਰਨ ਸਮਰਥਨ ਅਤੇ ਅਨੁਸ਼ਾਸਿਤ ਤਿਆਰੀ ਸਦਕਾ ਉਸਨੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਾਪਤੀਆਂ ਦੇ ਪੱਖ ਤੋਂ ਦੇਖੀਏ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬਰਾਬਰ ਹੋਰ ਕਿਸੇ ਵੀ ਸੂਬੇ ਨੇ ਅਜੇ ਤੱਕ ਅਜਿਹਾ ਕਰ ਕੇ ਨਹੀਂ ਦਿਖਾਇਆ। ਉਨ੍ਹਾਂ ਨੇ ਸਾਰੇ 305 ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸਨੂੰ ਪੰਜਾਬ ਦੀ ਸਰਕਾਰੀ ਸਕੂਲ ਪ੍ਰਣਾਲੀ ਵਿੱਚ ਇੱਕ ਇਤਿਹਾਸਕ ਪਲ ਕਰਾਰ ਦਿੱਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਜੇਈਈ ਪ੍ਰੀਖਿਆਵਾਂ ਲਈ ਕੁਆਲੀਫਾਈ ਕਰਨ ਵਾਲੀਆਂ ਵਿਦਿਆਰਥਣਾਂ ਦੀ ਗਿਣਤੀ ਵਿੱਚ ਚੋਖ਼ਾ ਵਾਧਾ ਹੈ ਹੈ ਅਤੇ ਇਸ ਵਾਰ 134 ਲੜਕੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ, ਜੋ ਕਿ ਸਰਕਾਰੀ ਸਕੂਲਾਂ ਵਿੱਚ ਸਟੈਮ (ਐਸਟੀਈਐਮ) ਸਿੱਖਿਆ ਖੇਤਰ ‘ਚ ਵਧ ਰਹੀ ਲਿੰਗ ਸਮਾਨਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਫ਼ਲਤਾ ਦਾ ਸਿਹਰਾ ਪੇਸ ਪ੍ਰੋਗਰਾਮ ਅਧੀਨ ਦੋ ਸਾਲਾਂ ਦੀ ਜੇਈਈ ਪ੍ਰੀਖਿਆ ਤਿਆਰੀ, ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਮੁਫ਼ਤ ਰਿਹਾਇਸ਼ੀ ਕੋਚਿੰਗ ਕੈਂਪ, ਨਿਯਮਤ ਮੌਕ ਟੈਸਟ, ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ, ਪੇਸ ਪੋਰਟਲ ਰਾਹੀਂ ਡਿਜੀਟਲ ਸਿਖਲਾਈ ਤੱਕ ਪਹੁੰਚ ਅਤੇ ਅਵੰਤੀ ਫੈਲੋ ਤੇ ਹੋਰ ਪ੍ਰਮੁੱਖ ਕੋਚਿੰਗ ਸੰਸਥਾਵਾਂ ਦੀ ਮਾਹਰ ਫੈਕਲਟੀ ਵੱਲੋਂ ਪ੍ਰਦਾਨ ਕੀਤੀ ਕਰੀਅਰ ਸੇਧ ਆਦਿ ਨੂੰ ਜਾਂਦਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ