
ਫਿਰੋਜ਼ਪੁਰ, 21 ਫਰਵਰੀ (ਹਿੰ.ਸ.)। ਭਾਸ਼ਾ ਵਿਭਾਗ ਪੰਜਾਬੀ ਦੀ ਰਹਿਨੁਮਾਈ ਵਿੱਚ ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਗੋਪੀ ਚੰਦ ਆਰਯ ਮਹਿਲਾ ਕਾਲਜ, ਅਬੋਹਰ ਵਿਖੇ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ ਦੀ ਅਗਵਾਈ ਵਿੱਚ ਆਯੋਜਿਤ ਇਸ ਸਮਾਰੋਹ ਦੌਰਾਨ ਕਾਲਜ ਦੇ ਵਿਦਿਆਰਥੀਆਂ ਦੇ ਕਵਿਤਾ ਉਚਾਰਨ , ਭਾਸ਼ਣ, ਲੋਕ ਗੀਤ ਅਤੇ ਸਿਰਜਣਾਤਮਕ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਪਰਮਿੰਦਰ ਸਿੰਘ, ਖੋਜ ਅਫ਼ਸਰ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਵਿਸਥਾਰ ਨਾਲ ਗੱਲ ਕੀਤੀ ਅਤੇ ਵਿਦਿਆਰਥੀਆਂ ਨੂੰ ਆਪਣੇ ਮਾਂ ਬੋਲੀ ਬੋਲਣ ਵਿੱਚ ਮਾਣ ਮਹਿਸੂਸ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਬੋਲਦਿਆਂ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਭੁਪਿੰਦਰ ਉਤਰੇਜਾ ਨੇ ਸਾਹਿਤਕ ਤੇ ਸੱਭਿਆਚਾਰਕ ਮੁਕਾਬਲਿਆਂ ਦੀ ਵਿਦਿਆਰਥੀਆਂ ਲਈ ਮਹੱਤਤਾ ਬਾਰੇ ਦੱਸਿਆ ਅਤੇ ਕੌਮਾਂਤਰੀ ਮਾਂ ਬੋਲੀ ਦਿਵਸ ਦੀ ਵਧਾਈ ਦਿੱਤੀ। ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਅਮਨ ਪ੍ਰੀਤ ਕੌਰ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਕਾਰਜਕਾਰੀ ਪ੍ਰਿੰਸੀਪਲ ਡਾ. ਮਨੋਜ ਫੁਟੇਲਾ, ਡਾ. ਅਨੀਤਾ ਸਿੰਘ, ਪ੍ਰੋ. ਜੋਤੀ ਸਿੰਘ, ਡਾ. ਸੀਮਾ ਸੁਮਾਨੀ, ਗੁਲਜਿੰਦਰ ਕੌਰ ਅਤੇ ਕਾਲਜ ਸਟਾਫ਼ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਕਮਲੇਸ਼ ਨੇ ਬਾਖੂਬੀ ਨਿਭਾਈ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਰਾਜਵੀਰ ਕੌਰ, ਸਿਮਰਜੀਤ ਕੌਰ ਦਾ ਸਹਿਯੋਗ ਰਿਹਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ