
ਚੰਡੀਗੜ੍ਹ, 27 ਫਰਵਰੀ (ਹਿੰ.ਸ.)। ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਯੂਨਿਟ ਦੇ ਇੱਕ ਵਫ਼ਦ ਨੇ ਚਰਨਜੀਤ ਸਿੰਘ ਵਿੱਲੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਯੂਨਿਟ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਵਿੱਚ ਬਲਵਿੰਦਰ ਸਿੰਘ, ਜ਼ਬਰਜੰਗ ਸਿੰਘ, ਮਨਦੀਪ ਸਿੰਘ, ਰਾਜੀਵ ਤੁਲੀ ਅਤੇ ਨਿਰਭੈ ਸਿੰਘ ਸ਼ਾਮਲ ਸਨ।
ਮੁਲਾਕਾਤ ਦੌਰਾਨ ਵਫ਼ਦ ਨੇ ਚੰਡੀਗੜ੍ਹ ਦੇ ਨਾਗਰਿਕਾਂ ਨਾਲ ਸੰਬੰਧਿਤ ਕਈ ਮਹੱਤਵਪੂਰਨ ਮਸਲੇ ਉਠਾਏ, ਜਿਨ੍ਹਾਂ ਵਿੱਚ ਐਂਟੀ-ਡਿਫੈਕਸ਼ਨ ਕਾਨੂੰਨ ਦੀ ਤੁਰੰਤ ਲਾਗੂਅਤ, ਮੇਅਰ ਦੇ ਕਾਰਜਕਾਲ ਵਿੱਚ ਵਾਧਾ ਅਤੇ ਮੇਅਰ ਦੇ ਅਧਿਕਾਰਾਂ ਵਿੱਚ ਇਜ਼ਾਫ਼ਾ,ਫਲੋਰ-ਵਾਈਜ਼ ਰਜਿਸਟਰੀ ਦੀ ਮਨਜ਼ੂਰੀ, ਹਾਊਸਿੰਗ ਬੋਰਡ ਦੇ ਵਸਨੀਕਾਂ ਨੂੰ ਨਿਰਮਾਣ ਨਾਲ ਸੰਬੰਧਿਤ ਸਮੱਸਿਆਵਾਂ ਵਿੱਚ ਰਾਹਤ, ਜੀਪੀਏ ਸੰਪਤੀਆਂ ਦੀ ਮਲਕੀਅਤ ਤਬਦੀਲੀ, ਪੰਜਾਬ–ਯੂਟੀ ਕੈਡਰ ਅਨੁਪਾਤ (60:40) ਦੀ ਬਹਾਲੀ, ਸਰਕਾਰੀ ਭਾਸ਼ਾ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਤਬਦੀਲੀ, ਚੰਡੀਗੜ੍ਹ ਅਧੀਨ ਪਿੰਡਾਂ ਅਤੇ ਕਾਲੋਨੀਆਂ ਦਾ ਵਿਕਾਸ, ਸੈਕਟਰ ਡਿਸਪੈਂਸਰੀਆਂ ਅਤੇ ਚੰਡੀਗੜ੍ਹ ਦੇ ਸਾਰੇ ਹਸਪਤਾਲਾਂ ਦੀ ਅਪਗ੍ਰੇਡੇਸ਼ਨ, ਮੌਜੂਦਾ ਧਾਰਮਿਕ ਸਥਾਨਾਂ ਦੀ ਸੁਰੱਖਿਆ, ਸਮਾਰਟ ਪਾਰਕਿੰਗ ਪ੍ਰਣਾਲੀ ਦਾ ਬਿਹਤਰ ਪ੍ਰਬੰਧ, ਪ੍ਰਭਾਵਸ਼ਾਲੀ ਟ੍ਰੈਫਿਕ ਪ੍ਰਬੰਧਨ ਲਈ ਨਵੀਂ ਤਕਨਾਲੋਜੀ ਦੀ ਵਰਤੋਂ, ਚੰਡੀਗੜ੍ਹ ਵਿੱਚ ਮੈਟਰੋ ਜਾਂ ਮੋਨੋ ਰੇਲ ਦੀ ਤੁਰੰਤ ਲੋੜ, ਵਪਾਰਕ ਸੰਪਤੀਆਂ ਦੀਆਂ ਦਰਾਂ ਦਾ ਨਵਾਂ ਮੁਲਾਂਕਣ ਸ਼ਾਮਲ ਹਨ।
ਚਰਨਜੀਤ ਸਿੰਘ ਵਿੱਲੀ ਨੇ ਦੱਸਿਆ ਕਿ ਪ੍ਰਸ਼ਾਸਕ ਨੇ ਵਫ਼ਦ ਵੱਲੋਂ ਉਠਾਏ ਗਏ ਸਾਰੇ ਮਸਲਿਆਂ ਨੂੰ ਬਹੁਤ ਧੀਰਜ ਨਾਲ ਸੁਣਿਆ ਅਤੇ ਦਰਸਾਈਆਂ ਗਈਆਂ ਸ਼ਿਕਾਇਤਾਂ ਦੇ ਹੱਲ ਲਈ ਉਚਿਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ