ਜਾਪਾਨੀ ਭਾਈਵਾਲਾਂ ਨਾਲ ਸਨਅਤੀ ਭਾਈਵਾਲੀ ਵਧਾਉਣ ਲਈ ਉਤਸੁਕ ਹੈ ਪੰਜਾਬ : ਅਮਨ ਅਰੋੜਾ
ਚੰਡੀਗੜ੍ਹ/ਐੱਸ.ਏ.ਐੱਸ ਨਗਰ, 14 ਮਾਰਚ (ਹਿੰ.ਸ.)। ਇੱਥੇ ਪਲਾਕਸ਼ਾ ਯੂਨੀਵਰਸਿਟੀ ਵਿੱਚ ਸ਼ੁੱਕਰਵਾਰ ਰਾਤ ਨੂੰ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਪਹਿਲੇ ਦਿਨ ਹੋਏ ਇੱਕ ਕੰਟਰੀ ਸੈਸ਼ਨ ਵਿੱਚ ਜਪਾਨ ਅਧਾਰਿਤ ਸਨਅਤੀ ਆਗੂਆਂ ਨੇ ਪੰਜਾਬ ਨੂੰ ਵਪਾਰ ਲਈ ਬਿਹਤਰੀਨ ਸੂਬਾ ਕਰਾਰ ਦਿੰਦਿਆਂ ਕਿਹਾ ਕਿ ਰਾਜ ਵਿੱਚ ਨ
ਜਪਾਨੀ ਉਦਯੋਗਿਕ ਲੀਡਰਾਂ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ


ਚੰਡੀਗੜ੍ਹ/ਐੱਸ.ਏ.ਐੱਸ ਨਗਰ, 14 ਮਾਰਚ (ਹਿੰ.ਸ.)। ਇੱਥੇ ਪਲਾਕਸ਼ਾ ਯੂਨੀਵਰਸਿਟੀ ਵਿੱਚ ਸ਼ੁੱਕਰਵਾਰ ਰਾਤ ਨੂੰ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਪਹਿਲੇ ਦਿਨ ਹੋਏ ਇੱਕ ਕੰਟਰੀ ਸੈਸ਼ਨ ਵਿੱਚ ਜਪਾਨ ਅਧਾਰਿਤ ਸਨਅਤੀ ਆਗੂਆਂ ਨੇ ਪੰਜਾਬ ਨੂੰ ਵਪਾਰ ਲਈ ਬਿਹਤਰੀਨ ਸੂਬਾ ਕਰਾਰ ਦਿੰਦਿਆਂ ਕਿਹਾ ਕਿ ਰਾਜ ਵਿੱਚ ਨਿਵੇਸ਼ ਲਈ ਮਾਹੌਲ ਬੇਹੱਦ ਸਾਜ਼ਗਾਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪ੍ਰਗਤੀਸ਼ੀਲ ਉਦਯੋਗਿਕ ਨਜ਼ਰੀਆ ਅਤੇ ਸੁਵਿਧਾਜਨਕ ਪ੍ਰਸ਼ਾਸਨਿਕ ਢਾਂਚਾ ਜਪਾਨੀ ਕੰਪਨੀਆਂ ਨੂੰ ਵਾਧੇ-ਵਿਸਥਾਰ ਲਈ ਉਤਸ਼ਾਹਿਤ ਕਰ ਰਿਹਾ ਹੈ।

ਇਸ ਮੌਕੇ ਬੋਲਦਿਆਂ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਉਭਰਦੇ ਖੇਤਰਾਂ ਜਿਵੇਂ ਕਿ ਇੰਟੇਗ੍ਰੇਟਡ ਈਵੀ ਅਤੇ ਆਟੋਮੋਟਿਵ ਮੈਨੂਫੈਕਚਰਿੰਗ ਈਕੋਸਿਸਟਮ, ਖੇਤੀਬਾੜੀ ਮਸ਼ੀਨੀਕਰਨ, ਸਮਾਰਟ ਖੇਤੀਬਾੜੀ ਤਕਨਾਲੋਜੀ ਆਦਿ ਖੇਤਰਾਂ ਵਿੱਚ ਹੱਲਾਂ ਲਈ ਜਪਾਨੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਇੱਛੁਕ ਹੈ। ਉਨ੍ਹਾਂ ਕਿਹਾ ਕਿ ਜਪਾਨ ਭਾਰਤ ਦਾ ਇਕ ਬੇਹੱਦ ਭਰੋਸੇਯੋਗ ਵਿਕਾਸ ਆਧਾਰਿਤ ਭਾਈਵਾਲ ਰਿਹਾ ਹੈ ਅਤੇ ਜਪਾਨੀ ਕੰਪਨੀਆਂ ਨੇ ਬੁਨਿਆਦੀ ਢਾਂਚੇ, ਅਤਿ- ਆਧੁਨਿਕ ਨਿਰਮਾਣ ਅਤੇ ਮੋਬਿਲਿਟੀ ਖੇਤਰਾਂ ਵਿੱਚ ਆਧੁਨਿਕ ਉਦਯੋਗਿਕ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਮਜ਼ਬੂਤ ਨਿਰਮਾਣ ਆਧਾਰ, ਬੇਹੱਦ ਹੁਨਰਮੰਦ ਕਰਮੀ ਤੇ ਉੱਤਰੀ ਭਾਰਤ ਦੇ ਮੁੱਖ ਬਾਜ਼ਾਰਾਂ ਨਾਲ ਰਣਨੀਤਿਕ ਸੰਪਰਕ ਹੈ, ਜੋ ਇਸ ਨੂੰ ਆਲਮੀ ਪੱਧਰ ਦੇ ਭਾਈਵਾਲਾਂ ਲਈ ਆਕਰਸ਼ਨ ਦਾ ਕੇਂਦਰ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮਸ਼ੀਨਰੀ, ਆਟੋਮੋਟਿਵ ਮਟੀਰੀਅਲ ਅਤੇ ਇੰਡਸਟਰੀਅਲ ਕੋਟਿੰਗਜ਼ ਵਰਗੇ ਖੇਤਰਾਂ ਵਿੱਚ ਜਪਾਨੀ ਕੰਪਨੀਆਂ ਦੀ ਸਫਲ ਮੌਜੂਦਗੀ ਇੰਡੋ-ਜਪਾਨੀ ਉਦਯੋਗਿਕ ਸਹਿਯੋਗ ਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ।

ਉਨ੍ਹਾਂ ਕਿਹਾ ਕਿ ਰਾਜ ਸਰਕਾਰ ਬਾਇਓਮਾਸ ਦੀ ਵਰਤੋਂ, ਨਵਿਆਉਣਯੋਗ ਊਰਜਾ ਅਤੇ ਸਰਕੁਲਰ ਅਰਥਵਿਵਸਥਾ ਤਹਿਤ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਦੇ ਨਾਲ ਹੀ ਲਗਾਤਾਰ ਸੁਧਾਰਾਂ, ਉੱਚ ਗੁਣਵੱਤਾ ਪ੍ਰਬੰਧਨ ਰਾਹੀਂ ਹੁਨਰ ਵਿਕਾਸ ‘ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਪੰਜਾਬ ਦੀ ਉਦਯੋਗਿਕ ਤਾਕਤ ਅਤੇ ਜਪਾਨ ਦੀ ਤਕਨਾਲੋਜੀ ਆਧਾਰਿਤ ਮੁਹਾਰਤ ਦੀ ਸਾਂਝ ਨਾਲ ਲੰਮਚਿਰੀ ਨਿਰਮਾਣ ਅਤੇ ਨਵੀਨਤਾ ਆਧਾਰਿਤ ਭਾਈਵਾਲੀ ਬਣ ਸਕਦੀ ਹੈ ਜੋ ਟਿਕਾਊ ਵਿਕਾਸ, ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਤੇ ਸਾਂਝੀ ਖੁਸ਼ਹਾਲੀ ਨੂੰ ਹੁਲਾਰਾ ਦੇਵੇਗੀ।

ਜਪਾਨੀ ਸਫਾਰਤ ਦੇ ਮੰਤਰੀ ਯਾਮਾਜ਼ਾਕੀ ਫੁਮਿਓ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਅਤੇ ਜਪਾਨ ਦੋ ਵੱਡੇ ਲੋਕਤੰਤਰਿਕ ਦੇਸ਼ਾਂ ਵਜੋਂ ਵਿਭਿੰਨ ਉਦਯੋਗਿਕ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰ ਰਹੇ ਹਨ। ਤੋਪਾਨ ਸਪੈਸ਼ਲਟੀ ਫਿਲਮਜ਼ ਪ੍ਰਾਈਵੇਟ ਲਿਮਿਟਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤ ਜੈਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਪਾਨ ਵਿੱਚ ਉਨ੍ਹਾਂ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ ਸੀ ਅਤੇ ਕੰਪਨੀ ਵਲੋਂ ਨਜ਼ਦੀਕੀ ਸਮੇਂ ਵਿੱਚ ਪੰਜਾਬ ਵਿੱਚ 300 ਤੋਂ 400 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਹੈ।

ਯਾਨਮਾਰ ਐਗਰੀਕਲਚਰਲ ਮਸ਼ੀਨਰੀ ਇੰਡੀਆ ਪ੍ਰਾਈਵੇਟ ਲਿਮਿਟਡ ਦੇ ਵਾਈਸ ਪ੍ਰੈਜ਼ੀਡੈਂਟ (ਓਪਰੇਸ਼ਨਜ਼) ਸੁਮਿਤ ਕਪਲੀਸ਼ ਨੇ ਕਿਹਾ ਕਿ ਪੰਜਾਬ ਨਾਲ ਕੰਪਨੀ ਦਾ ਮਜ਼ਬੂਤ ਨਾਤਾ ਹੈ ਕਿਉਂਕਿ ਇੱਥੇ ਹੁਨਰ, ਕਾਰੀਗਰੀ ਦੀ ਅਮੀਰ ਪਰੰਪਰਾ ਤੇ ਸੁਖਾਵੇਂ ਉਦਯੋਗਿਕ ਸਬੰਧ ਹਨ। ਉਨ੍ਹਾਂ ਕਿਹਾ ਕਿ ਸਾਜ਼ਗਾਰ ਅਤੇ ਉਤਸ਼ਾਹਵਧਾਊ ਕਾਰੋਬਾਰੀ ਸੱਭਿਆਚਾਰ, ਉਦਯੋਗ-ਪੱਖੀ ਨੀਤੀਆਂ, ਬਿਜਲੀ ਸਪਲਾਈ ਤੇ ਸ਼ਾਨਦਾਰ ਸੜਕੀ ਸੰਪਰਕ ਨੇ ਕੰਪਨੀ ਨੂੰ ਕਾਰੋਬਾਰ ਵਧਾਉਣ ਲਈ ਪ੍ਰੇਰਿਤ ਕੀਤਾ ਹੈ।

ਜਪਾਨ ਐਕਸਟਰਨਲ ਟਰੇਡ ਆਰਗਨਾਈਜ਼ੇਸ਼ਨ ਦੇ ਨੁਮਾਇੰਦੇ ਤਾਕੂ ਹੀਰੋਕੀ ਨੇ ਕਿਹਾ ਕਿ ਦੋਵੇਂ ਦੇਸ਼ ਆਰਥਿਕ ਸੁਰੱਖਿਆ ਅਤੇ ਆਧੁਨਿਕ ਤਕਨਾਲੋਜੀਆਂ ਦੇ ਖੇਤਰ ਵਿੱਚ ਬੜੀ ਨੇੜਤਾ ਨਾਲ ਕੰਮ ਕਰ ਰਹੇ ਹਨ ਅਤੇ ਪ੍ਰਗਤੀਸ਼ੀਲ ਪੰਜਾਬ ਸੰਮੇਲਨ ਸੂਬੇ ਦੀ ਕਾਰੋਬਾਰ-ਅਨੁਕੂਲ ਉਦਯੋਗਿਕ ਨੀਤੀ ਦੇ ਮੱਦੇਨਜ਼ਰ ਜਪਾਨੀ ਕੰਪਨੀਆਂ ਦੀ ਵਧਦੀ ਦਿਲਚਸਪੀ ਨੂੰ ਹੋਰ ਹੁਲਾਰਾ ਦੇਵੇਗਾ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande