
ਚੰਡੀਗੜ੍ਹ/ਮੋਹਾਲੀ, 14 ਮਾਰਚ (ਹਿੰ.ਸ.)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੋਹਾਲੀ ਤੇਜ਼ੀ ਨਾਲ ਇੱਕ ਵੱਡੇ ਤਕਨਾਲੋਜੀ ਅਤੇ ਸਟਾਰਟ-ਅਪ ਧੁਰੇ (ਹੱਬ) ਵਜੋਂ ਉਭਰ ਰਿਹਾ ਹੈ। ਇਹ ਪ੍ਰਗਟਾਵਾ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਇੱਥੇ ਸ਼ੁੱਕਰਵਾਰ ਰਾਤ ਨੂੰ ਪ੍ਰਗਤੀਸ਼ੀਲ ਪੰਜਾਬ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੋਹਾਲੀ “ਸਿਲੀਕੌਨ ਵੈਲੀ” ਵਜੋਂ ਤੇਜ਼ੀ ਨਾਲ ਵਿਕਸਿਤ ਹੋਣ ਦੀ ਰਾਹ 'ਤੇ ਹੈ।
ਪਲਾਕਸ਼ਾ ਯੂਨੀਵਰਸਿਟੀ ਵਿੱਚ ਪ੍ਰਗਤੀਸ਼ੀਲ ਪੰਜਾਬ ਸੰਮੇਲਨ 2026 ਦੇ ਪਹਿਲੇ ਦਿਨ “ਬ੍ਰਾਂਡ ਮੋਹਾਲੀ” ਵਿਸ਼ੇ 'ਤੇ ਹੋਈ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੋਹਾਲੀ ਹੁਣ ਸਿਰਫ ਇੱਕ ਸੈਟੇਲਾਈਟ ਸ਼ਹਿਰ ਨਹੀਂ, ਬਲਕਿ ਇਹ ਆਲਮੀ ਤਕਨਾਲੋਜੀ ਅਤੇ ਸਟਾਰਟ-ਅਪ ਮੁਕਾਮ ਵਜੋਂ ਵਿਕਸਿਤ ਹੋ ਰਿਹਾ ਹੈ। ਅਰੋੜਾ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਕਾਲਕਟ ਭਵਨ ਵਿੱਚ ਸਮਰਪਿਤ ਸਟਾਰਟ-ਅਪ ਹੱਬ ਬਣਾਇਆ ਜਾ ਰਿਹਾ ਹੈ, ਜੋ ਦੱਖਣੀ ਕੋਰੀਆ ਦੇ ਵਿਸ਼ਵ ਪ੍ਰਸਿੱਧ ਪੈਂਗਯੋ ਟੈਕਨੋ ਵੈਲੀ ਦੀ ਤਰਜ਼ 'ਤੇ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਜਿਵੇਂ ਦੱਖਣੀ ਕੋਰੀਆ ਕੋਲ ਆਪਣੀ ਸਿਲੀਕੌਨ ਵੈਲੀ ਹੈ, ਉਸੇ ਤਰ੍ਹਾਂ ਪੰਜਾਬ ਕੋਲ ਵੀ ਜਲਦੀ ਹੀ ਮੋਹਾਲੀ ਵਿੱਚ ਆਪਣਾ ਸਟਾਰਟ-ਅਪ ਹੱਬ ਹੋਵੇਗਾ ਜਿਸ ਬਾਬਤ ਮੁੱਖ ਮੰਤਰੀ ਪੰਜਾਬ ਵਲੋਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ।
ਨਵੀਂ ਉਦਯੋਗਿਕ ਨੀਤੀ ਦੀਆਂ ਖੂਬੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬਿਜਲੀ ਸੁਧਾਰ ਇਸ ਰਣਨੀਤੀ ਦਾ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ, “ਅਸੀਂ ਆਈਟੀ ਕੰਪਨੀਆਂ ਅਤੇ ਡੇਟਾ ਸੈਂਟਰਾਂ ਨੂੰ ਕਮਰਸ਼ੀਅਲ ਬਿਜਲੀ ਦਰਾਂ ਤੋਂ ਉਦਯੋਗਿਕ ਦਰਾਂ ਅਧੀਨ ਲਿਆਂਦਾ ਹੈ। ਇਸ ਨਾਲ ਮੋਹਾਲੀ ਦੀਆਂ ਆਈਟੀ ਕੰਪਨੀਆਂ ਨੂੰ ਦੇਸ਼ ਭਰ ਵਿੱਚੋਂ ਸਸਤੀ ਬਿਜਲੀ ਮਿਲੇਗੀ।”
ਉਨ੍ਹਾਂ ਕਰਮਚਾਰੀਆਂ ਲਈ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਈਟੀ ਕੰਪਨੀਆਂ ਨੂੰ ਪ੍ਰਤੀ ਕਰਮਚਾਰੀ ਪ੍ਰਤੀ ਮਹੀਨਾ 5,000 ਰੁਪਏ ਅਤੇ ਗਲੋਬਲ ਕੈਪੇਬਿਲਿਟੀ ਸੈਂਟਰਾਂ ( ਜੀਸੀਸੀ'ਜ਼) ਲਈ 7,000 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਯੋਗਤਾ ਦੀਆਂ ਸ਼ਰਤਾਂ ਵੀ ਘਟਾਈਆਂ ਗਈਆਂ ਹਨ। ਸੈਸ਼ਨ ਦੌਰਾਨ ਮੰਤਰੀ ਸੰਜੀਵ ਅਰੋੜਾ ਨੇ ਵਧ ਰਹੀਆਂ ਬੁਨਿਆਦੀ ਢਾਂਚਾਗਤ ਲੋੜਾਂ ਬਾਰੇ ਬੋਲਦਿਆਂ ਹੌਸਪਿਟੈਲਿਟੀ, ਆਈਟੀ, ਸਿੱਖਿਆ ਤੇ ਮੈਡੀਕਲ ਖੇਤਰਾਂ ਦੇ ਦਿੱਗਜਾਂ ਨੂੰ ਸੰਬੋਧਨ ਕੀਤਾ।
ਸੈਸ਼ਨ ਦੌਰਾਨ ਚਰਚਾ ਵਿੱਚ ਭਾਗ ਲੈਣ ਵਾਲਿਆਂ ਵਿਚ ਵਿਸ਼ੇਸ਼ ਤੌਰ 'ਤੇ ਆਈਟੀਸੀ ਹੋਟਲਜ਼ ਲਿਮਿਟਡ ਦੇ ਚੀਫ ਡਿਵੈਲਪਮੈਂਟ ਅਫ਼ਸਰ ਭਾਸਕਰ ਬਰੂਆਹ, ਪਲਾਕਸ਼ਾ ਯੂਨੀਵਰਸਿਟੀ ਦੇ ਫਾਊਂਡਿੰਗ ਵਾਈਸ ਚਾਂਸਲਰ ਡਾ. ਰੁਦਰ ਪ੍ਰਤਾਪ, ਫੋਰਟਿਸ ਹੈਲਥਕੇਅਰ ਦੇ ਰੀਜਨਲ ਸੀਓਓ ਆਸ਼ੀਸ਼ ਭਾਟੀਆ, ਨੈੱਟਸਮਾਰਟਜ਼ ਦੇ ਕੋ-ਫਾਊਂਡਰ ਅਤੇ ਸੀਈਓ ਮਨੀਪਾਲ ਧਾਰੀਵਾਲ ਅਤੇ ਟੀਟੀ ਕਨਸਲਟੈਂਟਸ, ਐਕਸਐਲਸਕਾਊਟ ਦੇ ਫਾਊਂਡਰ ਜਿਤਿਨ ਤਲਵਾਰ ਸ਼ਾਮਲ ਸਨ, ਜਦਕਿ ਬੋਸਟਨ ਕਨਸਲਟਿੰਗ ਗਰੁੱਪ ਦੇ ਐਮਡੀਪੀ ਸੈਸ਼ਨ ਦੇ ਮਾਡਰੇਟਰ ਸਨ। ਇਸ ਮੌਕੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੀ ਵਾਈਸ ਚੇਅਰਪਰਸਨ ਸੀਮਾ ਬਾਂਸਲ ਵੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ