
ਸੂਰਤ, 15 ਮਾਰਚ (ਹਿੰ.ਸ.)। ਗੁਜਰਾਤ ਦੇ ਸੂਰਤ ਸਾਈਬਰ ਕ੍ਰਾਈਮ ਸੈੱਲ ਨੇ ਅੰਤਰਰਾਸ਼ਟਰੀ ਪੱਧਰ ’ਤੇ ਚੱਲ ਰਹੇ ਟ੍ਰੇਡਿੰਗ ਧੋਖਾਧੜੀ ਰੈਕੇਟ ਦੇ ਮੁੱਖ ਮੁਲਜ਼ਮ ਅਲਪੇਸ਼ ਵਾਘਾਸੀਆ ਨੂੰ ਸੂਰਤ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ।ਮੁਲਜ਼ਮ ਸ਼ੇਅਰ ਟ੍ਰੇਡਿੰਗ ਅਤੇ ਕਰੰਸੀ ਟ੍ਰੇਡਿੰ ਦੇ ਨਾਮ 'ਤੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਤੋਂ ਬਾਅਦ ਦੁਬਈ ਤੋਂ ਪੂਰਾ ਨੈੱਟਵਰਕ ਸੰਚਾਲਿਤ ਕਰ ਰਿਹਾ ਸੀ। ਟ੍ਰੇਡਿੰਗ ਧੋਖਾਧੜੀ ਰੈਕੇਟ ਦੇ ਮੁੱਖ ਮੁਲਜ਼ਮ ਅਲਪੇਸ਼ ਵਾਘਾਸੀਆ ਬਾਰੇ ਇੱਕ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ ਕਿ ਅਲਪੇਸ਼ ਨੇ ਸਿਰਫ਼ 9ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ, ਪਰ ਉਸਨੇ ਲਗਭਗ 1500 ਕਰੋੜ ਰੁਪਏ ਦੇ ਟ੍ਰਾਂਜੰਕਸ਼ਨ ਵਾਲਾ ਸਾਈਬਰ ਨੈੱਟਵਰਕ ਸਥਾਪਤ ਕਰ ਦਿੱਤਾ।
ਦੁਬਈ ਤੋਂ ਭਾਰਤ ਵਾਪਸ ਆਉਣ 'ਤੇ ਗ੍ਰਿਫ਼ਤਾਰ :
ਅਲਪੇਸ਼ ਵਘਾਸੀਆ ਲੰਬੇ ਸਮੇਂ ਤੋਂ ਦੁਬਈ ਤੋਂ ਆਪਣਾ ਧੋਖਾਧੜੀ ਦਾ ਨੈੱਟਵਰਕ ਚਲਾ ਰਿਹਾ ਸੀ। ਹਾਲਾਂਕਿ, ਉੱਥੇ ਵਿਗੜਦੇ ਹਾਲਾਤਾਂ ਅਤੇ ਜੰਗ ਵਰਗੀ ਸਥਿਤੀ ਕਾਰਨ, ਉਹ ਦੁਬਈ ਛੱਡ ਕੇ ਭਾਰਤ ਵਾਪਸ ਜਾਣਾ ਚਾਹੁੰਦਾ ਸੀ। ਅੰਗਰੇਜ਼ੀ ਨਾ ਆਉਣ ਕਾਰਨ ਉਸਦਾ ਵਿਦੇਸ਼ੀ ਮਾਹੌਲ ਦੇ ਅਨੁਕੂਲ ਹੋਣਾ ਮੁਸ਼ਕਲ ਹੋ ਗਿਆ। ਜਿਵੇਂ ਹੀ ਉਹ ਭਾਰਤ ਵਾਪਸ ਜਾਣ ਦੀ ਕੋਸ਼ਿਸ਼ ਵਿੱਚ ਸੂਰਤ ਹਵਾਈ ਅੱਡੇ 'ਤੇ ਪਹੁੰਚਿਆ, ਸਾਈਬਰ ਕ੍ਰਾਈਮ ਟੀਮ ਨੇ ਉਸਨੂੰ ਪਹਿਲਾਂ ਜਾਰੀ ਕੀਤੇ ਲੁੱਕ ਆਊਟ ਸਰਕੂਲਰ (ਐਲਓਸੀ) ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ।
ਪੁਲਿਸ ਤੋਂ ਬਚਣ ਲਈ, ਉਸਨੇ ਸੂਰਤ ਲਈ ਤਿੰਨ ਵਾਰ ਉਡਾਣਾਂ ਬੁੱਕ ਕੀਤੀਆਂ ਸੀ, ਪਰ ਉਹ ਰੱਦ ਕਰ ਦਿੱਤੀਆਂ ਗਈਆਂ। ਬਾਅਦ ਵਿੱਚ ਉਹ ਬੈਂਕਾਕ ਗਿਆ ਅਤੇ ਉੱਥੋਂ, ਵੱਖ-ਵੱਖ ਰਸਤਿਆਂ ਰਾਹੀਂ, ਸੂਰਤ ਪਹੁੰਚਿਆ, ਜਿੱਥੇ ਉਸਨੂੰ ਫੜ ਲਿਆ ਗਿਆ। ਮੁਲਜ਼ਮ ਮੂਲ ਰੂਪ ਵਿੱਚ ਰਾਜਕੋਟ ਜ਼ਿਲ੍ਹੇ ਦੇ ਗੋਂਡਲ ਦਾ ਰਹਿਣ ਵਾਲਾ, ਸੂਰਤ ਦੇ ਵੇਲੰਜਾ ਖੇਤਰ ਵਿੱਚ ਇੱਕ ਆਲੀਸ਼ਾਨ ਬੰਗਲੇ ਵਿੱਚ ਰਹਿੰਦਾ ਸੀ।
ਬੈਂਕ ਖਾਤਿਆਂ ਵਿੱਚ ₹1,500 ਕਰੋੜ ਤੋਂ ਵੱਧ ਦੇ ਲੈਣ-ਦੇਣ :
ਜਾਂਚ ਤੋਂ ਪਤਾ ਲੱਗਿਆ ਕਿ ਇਸ ਗਿਰੋਹ ਦੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਲਗਭਗ ₹15,363,08,975 ਦੇ ਟ੍ਰਾਂਜੰਕਸ਼ਨ ਕੀਤੇ ਗਏ ਸਨ। ਜਾਂਚ ਅਧਿਕਾਰੀ ਵੀ ਇਸ ਵੱਡੀ ਰਕਮ ਤੋਂ ਹੈਰਾਨ ਸਨ। ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਇਹ ਪੈਸਾ ਕਿੱਥੋਂ ਆਇਆ ਅਤੇ ਇਹ ਕਿਸ ਕੋਲ ਪਹੁੰਚਿਆ।
ਮੁਲਜ਼ਮਾਂ ਨੇ ਸੂਰਤ ਦੇ ਉਤਰਨ ਅਤੇ ਰਾਜਕੋਟ ਵਿੱਚ ਆਲੀਸ਼ਾਨ ਦਫਤਰ ਖੋਲ੍ਹੇ ਸਨ। ਉਹ ਆਈਵੀ ਟ੍ਰੇਡ ਅਤੇ ਸਕਾਈ ਗ੍ਰੋਥ ਵੈਲਥ ਮੈਨੇਜਮੈਂਟ ਦੇ ਨਾਮ ਹੇਠ ਮਲਟੀ-ਲੈਵਲ ਮਾਰਕੀਟਿੰਗ (ਐਮਐਲਐਮ) ਸਕੀਮਾਂ ਚਲਾਉਂਦੇ ਸਨ। ਬਿਨਾਂ ਕਿਸੇ ਵੈਧ ਲਾਇਸੈਂਸ ਦੇ, ਉਨ੍ਹਾਂ ਨੇ ਨਿਵੇਸ਼ਕਾਂ ਨੂੰ ਕਰੰਸੀ ਅਤੇ ਸ਼ੇਅਰ ਟ੍ਰੇਡਿੰਗ ਵਿੱਚ ਉੱਚ ਮੁਨਾਫ਼ੇ ਦੇ ਵਾਅਦੇ ਕਰਕੇ ਲੁਭਾਇਆ। ਨਿਵੇਸ਼ਕਾਂ ਦੇ ਪੈਸੇ ਅੰਗਾਡੀਆ ਅਤੇ ਸ਼ੈੱਲ ਕੰਪਨੀਆਂ ਦੇ ਬੈਂਕ ਖਾਤਿਆਂ ਰਾਹੀਂ ਦੁਬਈ ਟ੍ਰਾਂਸਫਰ ਕੀਤੇ ਗਏ ਸਨ।
35 ਨਿਵੇਸ਼ਕਾਂ ਨਾਲ ₹4.26 ਕਰੋੜ ਦੀ ਧੋਖਾਧੜੀ :
ਹੁਣ ਤੱਕ ਦੀ ਜਾਂਚ ਵਿੱਚ 35 ਨਿਵੇਸ਼ਕਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨਾਲ ਕੁੱਲ ₹4,26,86,550 ਦੀ ਧੋਖਾਧੜੀ ਕੀਤੀ ਗਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਪੀੜਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਮੁਲਜ਼ਮਾਂ ਨੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਹੈਂਟੇਕ ਮਾਰਕੀਟਸ ਵਰਗੇ ਔਨਲਾਈਨ ਐਪਸ ਦੀ ਵਰਤੋਂ ਕੀਤੀ ਕਿ ਉਹ ਟ੍ਰੇਡਿੰਗ ਕਰ ਰਹੇ ਹਨ, ਪਰ ਇਹ ਸਿਰਫ਼ ਇੱਕ ਡਿਜੀਟਲ ਛੱਲਾਵਾ ਸੀ।
ਚਾਰ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ :
ਡੀਸੀਪੀ ਬਿਸ਼ਾਖਾ ਜੈਨ ਨੇ ਦੱਸਿਆ ਕਿ ਸੂਰਤ ਸਾਈਬਰ ਕ੍ਰਾਈਮ ਨੇ ਇਸ ਮਾਮਲੇ ਵਿੱਚ ਦਾਨਿਸ਼ ਉਰਫ਼ ਹੇਮਲ ਧਾਨਕ, ਜੈਸੁਖ ਪਟੋਲੀਆ, ਯਸ਼ ਪਟੋਲੀਆ ਅਤੇ ਅਜੈ ਉਰਫ਼ ਗੋਪਾਲ ਭਿੰਡੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਇਹ ਸਾਥੀ ਸੂਰਤ ਅਤੇ ਰਾਜਕੋਟ ਵਿੱਚ ਦਫ਼ਤਰ ਚਲਾਉਂਦੇ ਸਨ ਅਤੇ ਸਾਰੀਆਂ ਵਿੱਤੀ ਰਿਪੋਰਟਾਂ ਅਲਪੇਸ਼ ਨੂੰ ਭੇਜਦੇ ਸਨ। ਇਨ੍ਹਾਂ ਚਾਰ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਹੀ ਪੁਲਿਸ ਨੂੰ ਅਲਪੇਸ਼ ਵਘਾਸੀਆ ਦੇ ਦੁਬਈ ਸਬੰਧਾਂ ਅਤੇ ਉਸਦੇ ਨਿਵੇਸ਼ਾਂ ਨਾਲ ਸਬੰਧਤ ਮਨੀ ਟ੍ਰੇਲ ਬਾਰੇ ਪਤਾ ਲੱਗਾ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ