ਬੀਬੀਐਮਬੀ ਹਸਪਤਾਲ ਵੱਲੋਂ ਅਲਰਜੀ ਰੋਗ ਬਾਰੇ ਸਲਾਹ ਜਾਰੀ
ਤਲਵਾੜਾ, 18 ਮਾਰਚ (ਹਿੰ.ਸ.)। ਭਾਖੜਾ ਬਿਆਸ ਪ੍ਰਬੰਧ ਬੋਰਡ ਤਲਵਾੜਾ ਦੇ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਬੀਬੀਐਮਬੀ ਹਸਪਤਾਲ ਤਲਵਾੜਾ ਦੇ ਡਾ. ਅਮਰਜੀਤ ਸਿੰਘ ਨੇ ਸਿਹਤ ਜਾਗਰੂਕਤਾ ਮੁਹਿੰਮ ਦੇ ਤਹਿਤ ਮਨੁੱਖਾਂ ਵਿਚ ਵਧ ਰਹੀ ਅਲਰਜੀ ਦੀ ਸਮੱਸਿਆ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਲਾਹ ਜ
ਡਾ. ਅਮਰਜੀਤ ਸਿੰਘ


ਤਲਵਾੜਾ, 18 ਮਾਰਚ (ਹਿੰ.ਸ.)। ਭਾਖੜਾ ਬਿਆਸ ਪ੍ਰਬੰਧ ਬੋਰਡ ਤਲਵਾੜਾ ਦੇ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਬੀਬੀਐਮਬੀ ਹਸਪਤਾਲ ਤਲਵਾੜਾ ਦੇ ਡਾ. ਅਮਰਜੀਤ ਸਿੰਘ ਨੇ ਸਿਹਤ ਜਾਗਰੂਕਤਾ ਮੁਹਿੰਮ ਦੇ ਤਹਿਤ ਮਨੁੱਖਾਂ ਵਿਚ ਵਧ ਰਹੀ ਅਲਰਜੀ ਦੀ ਸਮੱਸਿਆ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਲਾਹ ਜਾਰੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਲਰਜੀ ਇੱਕ ਆਮ ਪਰ ਗੰਭੀਰ ਸਿਹਤ ਸਮੱਸਿਆ ਬਣਦੀ ਜਾ ਰਹੀ ਹੈ। ਇਹ ਉਸ ਸਮੇਂ ਹੁੰਦੀ ਹੈ ਜਦੋਂ ਸਰੀਰ ਦੀ ਰੋਗ-ਪ੍ਰਤੀਰੋਧਕ ਪ੍ਰਣਾਲੀ ਕੁਝ ਪਦਾਰਥਾਂ (ਐਲਰਜਨ) ਨੂੰ ਖਤਰਨਾਕ ਸਮਝ ਕੇ ਉਨ੍ਹਾਂ ਦੇ ਵਿਰੁੱਧ ਤਿਖੀ ਪ੍ਰਤੀਕਿਰਿਆ ਦਿੰਦੀ ਹੈ।

ਅਲਰਜੀ ਦੇ ਮੁੱਖ ਕਾਰਨਾਂ ਦੀ ਗੱਲ ਕਰਦਿਆਂ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਅਲਰਜੀ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਧੂੜ-ਮਿੱਟੀ, ਪਰਾਗ-ਕਣ (ਪੋਲਨ), ਧੂੰਆਂ, ਪ੍ਰਦੂਸ਼ਣ, ਕੁਝ ਖਾਣ-ਪੀਣ ਦੀਆਂ ਚੀਜ਼ਾਂ, ਪਾਲਤੂ ਜਾਨਵਰਾਂ ਦੇ ਵਾਲ, ਦਵਾਈਆਂ ਅਤੇ ਕੁਝ ਰਸਾਇਣਿਕ ਪਦਾਰਥ। ਮੌਸਮ ਵਿੱਚ ਤਬਦੀਲੀ ਅਤੇ ਵਾਤਾਵਰਣ ਪ੍ਰਦੂਸ਼ਣ ਵੀ ਅਲਰਜੀ ਦੇ ਵਧਣ ਦਾ ਇੱਕ ਵੱਡਾ ਕਾਰਨ ਬਣ ਰਹੇ ਹਨ।

ਅਲਰਜੀ ਦੇ ਆਮ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਅਲਰਜੀ ਦੇ ਲੱਛਣ ਵਿਅਕਤੀ ਅਨੁਸਾਰ ਵੱਖ-ਵੱਖ ਹੋ ਸਕਦੇ ਹਨ। ਆਮ ਤੌਰ ’ਤੇ ਛਿੱਕਾਂ ਆਉਣਾ, ਨੱਕ ਵਗਣਾ ਜਾਂ ਬੰਦ ਹੋਣਾ, ਅੱਖਾਂ ਵਿੱਚ ਖੁਜਲੀ ਜਾਂ ਪਾਣੀ ਆਉਣਾ, ਚਮੜੀ ’ਤੇ ਦਾਣੇ ਜਾਂ ਖਾਰਸ਼, ਸਾਹ ਲੈਣ ਵਿੱਚ ਦਿੱਕਤ, ਖੰਘ ਜਾਂ ਗਲੇ ਵਿੱਚ ਖਾਰਸ਼ ਆਦਿ ਲੱਛਣ ਦੇਖੇ ਜਾਂਦੇ ਹਨ। ਕਈ ਵਾਰ ਗੰਭੀਰ ਹਾਲਤ ਵਿੱਚ ਅਸਥਮਾ ਵਰਗੀ ਸਮੱਸਿਆ ਵੀ ਹੋ ਸਕਦੀ ਹੈ।

ਬਚਾਓ ਦੇ ਤਰੀਕੇ ਸੁਝਾਉਂਦਿਆਂ ਡਾ. ਅਮਰਜੀਤ ਸਿੰਘ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਅਲਰਜੀ ਤੋਂ ਬਚਾਅ ਲਈ ਘਰ ਅਤੇ ਆਲੇ-ਦੁਆਲੇ ਸਫ਼ਾਈ ਰੱਖੀ ਜਾਵੇ। ਧੂੜ-ਮਿੱਟੀ ਤੋਂ ਬਚਣ ਲਈ ਮਾਸਕ ਦੀ ਵਰਤੋਂ ਕੀਤੀ ਜਾਵੇ ਅਤੇ ਘਰ ਵਿੱਚ ਹਵਾ ਦਾ ਵਧੀਆ ਆਵਾਗਮਨ ਬਣਾਇਆ ਰੱਖਿਆ ਜਾਵੇ। ਜਿਨ੍ਹਾਂ ਚੀਜ਼ਾਂ ਨਾਲ ਅਲਰਜੀ ਹੁੰਦੀ ਹੋਵੇ, ਉਹਨਾਂ ਤੋਂ ਸੰਭਵ ਹੋਵੇ ਤੱਕ ਦੂਰ ਰਹਿਣਾ ਚਾਹੀਦਾ ਹੈ। ਮੌਸਮ ਬਦਲਣ ਦੇ ਸਮੇਂ ਖਾਸ ਸਾਵਧਾਨੀ ਰੱਖਣੀ ਚਾਹੀਦੀ ਹੈ। ਅੱਜ ਕੱਲ੍ਹ ਮਧੂ ਮੱਖੀਆਂ ਅਤੇ ਪੀਲੇ ਰੰਗ ਦੀਆਂ ਧਮੋੜੀਆਂ ਵੱਲੋਂ ਘਰ ਬਣਾਉਣ ਦਾ ਮੌਸਮ ਆ ਗਿਆ ਹੈ ਜਿਨ੍ਹਾਂ ਦਾ ਡੰਗ ਕਈ ਵਾਰ ਜਾਨਲੇਵਾ ਵੀ ਸਾਬਿਤ ਹੋ ਸੱਕਦਾ ਹੈ। ਇਸ ਸਥਿਤੀ ਵਿੱਚ ਸਮੇਂ ਸਿਰ ਡਾਕਟਰ ਦੀ ਸਲਾਹ ਲੈ ਕੇ ਇਲਾਜ ਕਰਵਾਇਆ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਜੇ ਅਲਰਜੀ ਦੇ ਲੱਛਣ ਲੰਬੇ ਸਮੇਂ ਤੱਕ ਰਹਿਣ ਜਾਂ ਵੱਧ ਜਾਣ ਤਾਂ ਆਪਣੇ ਆਪ ਦਵਾਈ ਲੈਣ ਦੀ ਬਜਾਏ ਤੁਰੰਤ ਕਿਸੇ ਯੋਗ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਡਾਕਟਰ ਦੀ ਸਲਾਹ ਅਨੁਸਾਰ ਹੀ ਦਵਾਈਆਂ ਲੈਣੀਆਂ ਚਾਹੀਦੀਆਂ ਹਨ। ਸਮੇਂ ਸਿਰ ਇਲਾਜ ਨਾਲ ਅਲਰਜੀ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਸਿਹਤਮੰਦ ਖੁਰਾਕ, ਤਾਜ਼ੇ ਫਲ-ਸਬਜ਼ੀਆਂ ਅਤੇ ਪੂਰਾ ਪਾਣੀ ਪੀਣਾ ਚਾਹੀਦਾ ਹੈ। ਨਾਲ ਹੀ ਨਿਯਮਿਤ ਕਸਰਤ ਅਤੇ ਯੋਗ ਵੀ ਸਿਹਤ ਲਈ ਲਾਭਕਾਰੀ ਸਾਬਤ ਹੁੰਦੇ ਹਨ।

ਅੰਤ ਵਿੱਚ ਡਾ. ਅਮਰਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਅਲਰਜੀ ਦੇ ਲੱਛਣ ਮਹਿਸੂਸ ਹੋਣ ਤਾਂ ਉਹ ਲਾਪਰਵਾਹੀ ਨਾ ਕਰਨ ਅਤੇ ਸਮੇਂ ਸਿਰ ਡਾਕਟਰੀ ਸਲਾਹ ਲੈਣ। ਜਾਗਰੂਕਤਾ ਅਤੇ ਸਾਵਧਾਨੀ ਨਾਲ ਅਲਰਜੀ ਤੋਂ ਕਾਫੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande