
ਹੁਸ਼ਿਆਰਪੁਰ, 18 ਮਾਰਚ (ਹਿੰ.ਸ.)। ਪੰਜਾਬ ਸਰਕਾਰ ਵੱਲੋਂ ਬਾਲ ਭਿੱਖਿਆ ਦੀ ਰੋਕਥਾਮ ਲਈ ਚਲਾਈ ਜਾ ਰਹੇ ਪ੍ਰਾਜੈਕਟ ਜੀਵਨਜੋਤ-2 ਤਹਿਤ ਦਸੂਹਾ ਦੇ ਵੱਖ-ਵੱਖ ਏਰੀਆ ਰੇਲਵੇ ਸਟੇਸ਼ਨ, ਬੱਸ ਅੱਡਾ, ਹਾਜੀਪੁਰ ਚੌਕ, ਬਲੱਗਣਾ ਚੌਂਕ ਵਿਖੇ ਬਾਲ ਭਿੱਖਿਆ ਰੁਕੋ ਰੇਡਜ਼ ਕੀਤੀਆਂ ਗਈਆਂ ਅਤੇ ਆਮ ਜਨਤਾ ਨੂੰ ਬਾਲ ਭਿੱਖਿਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਰਹਿਨੁਮਾਈ ਹੇਠ ਸਮੇਂ-ਸਮੇਂ ‘ਤੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਚੈਕਿੰਗ ਭਲਾਈ ਕਮੇਟੀ ਦੀ ਚੇਅਰਪਰਸਨ ਦੀ ਅਗਵਾਈ ਵਿਚ ਹਰਜੀਤ ਕੌਰ ਦੀ ਟੀਮ ਦੁਆਰਾ ਬਾਲ ਭਿਖਿਆ ਰੋਕੂ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਨਾਲ ਕੀਤੀ ਗਈ ਜਿਸ ਦੌਰਾਨ ਹਾਜੀਪੁਰ ਤੋਂ 3 ਬੱਚੇ ਬਾਲ ਭਿੱਖਿਆ ਤੋਂ ਮੁਕਤ ਕਰਵਾਏ ਗਏ ਅਤੇ ਬਾਲ ਭਲਾਈ ਕਮੇਟੀ, ਹੁਸ਼ਿਆਰਪੁਰ ਸਾਹਮਣੇ ਪੇਸ਼ ਕੀਤਾ ਗਿਆ। ਬਾਲ ਭਲਾਈ ਕਮੇਟੀ ਵਲੋਂ ਬੱਚਿਆਂ ਦੀ ਕੌਸਲਿੰਗ ਕੀਤੀ ਗਈ ਅਤੇ ਬੱਚਿਆਂ ਦੀ ਭਲਾਈ ਨੂੰ ਮੁੱਖ ਰਖੱਦੇ ਹੋਏ ਬੱਚਿਆਂ ਦੀ ਭਲਾਈ ਲਈ ਫੈਸਲਾ ਲੈਂਦੇ ਹੋਏ ਨਾਰੀ ਨਿਕੇਤਨ, ਜਲੰਧਰ ਵਿਖੇ ਦਾਖਲ ਕੀਤਾ ਗਿਆ।
ਚੇਅਰਪਰਸਨ ਬਾਲ ਭਲਾਈ ਕਮੇਟੀ ਵੱਲੋਂ ਆਮ ਜਨਤਾ ਨੂੰ ਅਪੀਲ ਵੀ ਕੀਤੀ ਗਈ ਜੇਕਰ ਤੁਹਾਨੂੰ ਕੋਈ ਬੱਚਾ ਭੀਖ ਮੰਗਦਾ ਜਾਂ ਬਾਲ ਮਜ਼ਦੂਰੀ ਕਰਦਾ ਹੋਇਆ ਮਿਲਦਾ ਹੈ, ਤਾਂ ਉਸ ਦੀ ਸੂਚਨਾ ਬਾਲ ਹੈਲਪਲਾਈਨ 1098 ਤੇ ਦਿੱਤੀ ਜਾਵੇ, ਤਾਂ ਜੋ ਤੁਹਾਡੀ ਇੱਕ ਪਹਿਲ ਕਿਸੇ ਬੱਚੇ ਦੀ ਜ਼ਿੰਦਗੀ ਬਦਲ ਸਕੇ। ਉਨ੍ਹਾਂ ਦੱਸਿਆ ਕਿ 0 ਤੋਂ 18 ਸਾਲ ਦੇ ਬੱਚਿਆਂ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਹੁਸ਼ਿਆਰਪੁਰ ਵਿਖੇ ਜਾਂ ਬਾਲ ਹੈਲਪਲਾਈਨ 1098 ‘ਤੇ ਫੋਨ ਕਰਕੇ ਲਈ ਜਾ ਸਕਦੀ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਚੈਕਿੰਗ ਪਹਿਲਾਂ ਵੀ ਹੋ ਰਹੀਆਂ ਹਨ ਅਤੇ ਇਹ ਲਗਾਤਾਰ ਜਾਰੀ ਰਹਿਣਗੀਆਂ। ਜੇਕਰ ਕੋਈ ਮਾਤਾ-ਪਿਤਾ ਬੱਚੇ ਤੋਂ ਬਾਲ ਭਿਖਿਆ ਕਰਵਾਉਂਦਾ ਪਾਇਆ ਗਿਆ, ਤਾਂ ਮਾਤਾ-ਪਿਤਾ ‘ਤੇ ਵੀ ਕਾਰਵਾਈ ਕੀਤੀ ਜਾਵੇਗੀ। ਬੱਚਿਆਂ ਦੀ ਸੁਰੱਖਿਆ ਅਤੇ ਦੇਖ-ਭਾਲ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਨਾਲ ਹਮੇਸ਼ਾ ਤਾਲਮੇਲ ਕੀਤਾ ਜਾ ਸਕਦਾ ਹੈ। ਇਸ ਮੌਕੇ ਮੈਂਬਰ ਬਾਲ ਭਲਾਈ ਕਮੇਟੀ ਜਗਦੀਸ਼ ਮਿੱਤਰ, ਕੇਸ ਵਰਕਰ ਜਸਵਿੰਦਰ ਸਿੰਘ ਅਤੇ ਦਸੂਹਾ ਪੁਲਿਸ ਕਰਮਚਾਰੀ ਵੀ ਹਾਜ਼ਰ ਰਹੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ