
ਮੋਹਾਲੀ, 27 ਮਾਰਚ (ਹਿੰ.ਸ.)। ਭਾਰਤੀ ਜਨਤਾ ਪਾਰਟੀ (ਪੰਜਾਬ) ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ। ਸਥਾਨਕ ਪਿੰਡ ਵਾਸੀਆਂ ਦੇ ਸੱਦੇ 'ਤੇ ਖਰੜ ਵਿਧਾਨ ਸਭਾ ਹਲਕੇ ਦੇ ਮਾਜਰੀ ਬਲਾਕ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਸਿਸਵਾਂ ਦਰਿਆ ਕੰਢੇ ਬੇਰੋਕ ਚੱਲ ਰਹੀ ਗੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫਾਸ਼ ਕੀਤਾ।
ਜੋਸ਼ੀ ਨੇ ਕਿਹਾ ਕਿ ਪੰਜਾਬ ਦੇ ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਗੈਰ-ਕਾਨੂੰਨੀ ਮਾਈਨਿੰਗ ਰੋਕਣ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ ਹੈ, ਨਗਲੀਆਂ, ਖੈਰਪੁਰ, ਫਤਿਹਗੜ੍ਹ, ਅੰਦਹੇੜੀ, ਝਿੰਗੜਾਂ, ਸ਼ੇਖਪੁਰਾ, ਸਿਆਮੀਪੁਰ, ਮਲਕਪੁਰ, ਤਿਊੜ, ਦੁਸਾਰਨਾ, ਰੁੜਕੀ ਖਾਮ, ਫੈਂਟਵਾਂ, ਢਕੋਰਾਂ, ਬਹਾਲਪੁਰ , ਚੰਦਪੁਰ ਅਤੇ ਕਾਦੀ ਮਾਜਰਾ ਵਰਗੇ ਕਈ ਪਿੰਡਾਂ ਵਿੱਚ ਖੁੱਲ੍ਹੇਆਮ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈੇ।
ਉਨ੍ਹਾਂ ਅੱਗੇ ਦੋਸ਼ ਲਗਾਇਆ ਕਿ ਖਣਨ ਮਾਫੀਆ ਨੂੰ ਖੁੱਲ੍ਹੀ ਰਾਜਨੀਤਿਕ ਸਰਪ੍ਰਸਤੀ ਮਿਲ ਰਹੀ ਹੈ ਅਤੇ ਪਿੰਡ ਵਾਸੀਆਂ ਨੇ ਸਿੱਧੇ ਤੌਰ ‘ਤੇ ਸਥਾਨਕ ਵਿਧਾਇਕ ਦੇ ਭਰਾ ਦੀ ਸੰਲਿਪਤਤਾ ਦੇ ਦੋਸ਼ ਲਗਾਏ ਹਨ। ਜੋਸ਼ੀ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ 24 ਘੰਟੇ ’ਤੇ ਖਾਸ ਕਰਕੇ ਰਾਤ ਦੇ ਹਨੇਰੇ ਚ ਵੱਡੇ ਪੱਧਰ ‘ਤੇ ਹੋ ਰਹੇ ਗੈਰਕਾਨੂੰਨੀ ਖਣਨ ਦੇ ਬਾਵਜੂਦ ਖਣਨ ਵਿਭਾਗ ਅਤੇ ਪੰਜਾਬ ਪੁਲਿਸ ਅੱਖਾਂ ਬੰਦੀ ਕਰੀ ਬੈਠੇ ਹਨ, ਜੋ ਪ੍ਰਸ਼ਾਸਨਿਕ ਨਾਕਾਮੀ ਅਤੇ ਰਾਜਨੀਤਿਕ ਸਰਪ੍ਰਸਤੀ ਨੂੰ ਦਰਸਾਉਂਦਾ ਹੈ।
ਜਵਾਬਦੇਹੀ ਦੀ ਮੰਗ ਕਰਦੇ ਹੋਏ ਜੋਸ਼ੀ ਨੇ ਭਗਵੰਤ ਮਾਨ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਜੇਕਰ ਸਰਕਾਰ ਸੱਚਮੁੱਚ ਖਣਨ ਮਾਫੀਆ ਨੂੰ ਖਤਮ ਕਰਨਾ ਚਾਹੁੰਦੀ ਹੈ, ਤਾਂ ਤੁਰੰਤ ਸਖ਼ਤ ਕਾਰਵਾਈ ਕਰੇ। ਚੁੱਪ ਅਤੇ ਕਾਰਵਾਈ ਨਾ ਹੋਣਾ, ਇਸ ਵਿੱਚ ਮਿਲੀਭੁਗਤ ਸਾਬਤ ਕਰਦੀ ਹੈ। ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ