
ਪੰਚਕੂਲਾ, 29 ਮਾਰਚ (ਹਿੰ.ਸ.)। ਪੰਚਕੂਲਾ ਦੇ ਮੋਰਨੀ ਇਲਾਕੇ ਵਿੱਚ ਐਤਵਾਰ ਸਵੇਰੇ ਬ੍ਰੇਕ ਫੇਲ ਹੋਣ ਕਾਰਨ ਇੱਕ ਨਿੱਜੀ ਬੱਸ ਪਹਾੜ ਨਾਲ ਟਕਰਾ ਗਈ, ਜਿਸ ਨਾਲ ਬੱਸ ਵਿੱਚ ਸਵਾਰ ਕਰੀਬ 20 ਵਿਦਿਆਰਥੀ ਜ਼ਖਮੀ ਹੋ ਗਏ। ਸਾਰਿਆਂ ਨੂੰ ਦੂਜੀ ਬੱਸ ਵਿੱਚ ਬਿਠਾ ਕੇ ਪੰਚਕੂਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਮਹਿੰਦਰਗੜ੍ਹ ਅਤੇ ਪਲਵਲ ਜ਼ਿਲ੍ਹਿਆਂ ਤੋਂ ਖੇਡ ਅਤੇ ਯੂਥ ਪ੍ਰੋਗਰਾਮ ਵਿਭਾਗ ਵੱਲੋਂ ਨੌਜਵਾਨਾਂ ਦਾ ਇੱਕ ਦਲ ਪੰਚਕੂਲਾ ਦੇ ਨੇਚਰ ਕੈਂਪ ਥਾਪਲੀ ਵਿੱਚ ਭੇਜਿਆ ਗਿਆ ਸੀ। ਇਹ ਦਲ 27 ਮਾਰਚ ਨੂੰ ਇੱਥੇ ਪਹੁੰਚਿਆ ਸੀ ਅਤੇ 1 ਅਪ੍ਰੈਲ ਤੱਕ ਇੱਥੇ ਕੈਂਪ ਕਰਨਾ ਸੀ। ਕੈਂਪ ਲਈ ਸਵੇਰੇ ਨੌਜਵਾਨਾਂ ਦਾ ਦਲ 2 ਬੱਸਾਂ ਵਿੱਚ ਸਵਾਰ ਹੋ ਕੇ ਨੇਚਰ ਕੈਂਪ ਥਾਪਲੀ ਤੋਂ ਚੰਡੀਗੜ੍ਹ ਵੱਲ ਰਵਾਨਾ ਹੋਇਆ। ਨੇਚਰ ਕੈਂਪ ਥਾਪਲੀ ਤੋਂ ਕੁਝ ਹੀ ਦੂਰੀ ’ਤੇ ਬੱਸ ਦੇ ਬ੍ਰੇਕ ਫੇਲ ਹੋ ਗਏ। ਘਟਨਾ ਸਮੇਂ ਬੱਸ ਵਿੱਚ 50 ਵਿਦਿਆਰਥੀ ਸਵਾਰ ਸਨ। ਹਾਦਸੇ ਵਿੱਚ ਪਲਵਲ ਦੀ ਰਾਧਿਕਾ, ਚੰਚਲ, ਅੰਜਲੀ, ਲਕਸ਼ਮੀ, ਦੀਪਤੀ, ਮਹਿੰਦਰਗੜ੍ਹ ਦੀ ਮੁਸਕਾਨ, ਨਾਰਨੌਲ ਦੀ ਦਿਵਿਆ, ਪੂਜਾ ਪਲਵਲ, ਮੋਨਿਕਾ ਸਤਨਾਲੀ ਸਮੇਤ ਕਰੀਬ 20 ਨੌਜਵਾਨ ਜ਼ਖਮੀ ਹੋ ਗਏ। ਉਨ੍ਹਾਂ ਨੂੰ ਪੰਚਕੂਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਪੰਚਕੂਲਾ ਦੇ ਮੋਰਨੀ ਇਲਾਕੇ ਵਿੱਚ ਜਦੋਂ ਬੱਸ ਦੇ ਬ੍ਰੇਕ ਫੇਲ੍ਹ ਹੋਏ ਤਾਂ ਡਰਾਈਵਰ ਨੇ ਸਮਝਦਾਰੀ ਨਾਲ ਤਿੰਨ ਮੋੜਾਂ ’ਤੇ ਬੱਸ ਨੂੰ ਸੰਭਾਲ ਲਿਆ। ਪਰ ਅੱਗੇ ਇੱਕ ਵੀ-ਆਕਾਰ ਦਾ ਖਤਰਨਾਕ ਮੋੜ ਸੀ, ਜਿੱਥੇ ਬੱਸ ਖਾਈ ਵਿੱਚ ਡਿੱਗ ਸਕਦੀ ਸੀ। ਡਰਾਈਵਰ ਨੇ ਬੱਸ ਨੂੰ ਖਾਈ ਵਿਚ ਡਿੱਗਣ ਤੋਂ ਬਚਾਉਣ ਲਈ ਡਿਵਾਈਡਰ ਨਾਲ ਟਕਰਾ ਦਿੱਤਾ, ਜਿਸ ਨਾਲ ਬੱਸ ਖਾਈ ਵਿਚ ਜਾਣ ਤੋਂ ਬਚ ਗਈ ਅਤੇ ਬੱਚਿਆਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ