
ਚੰਡੀਗੜ੍ਹ, 16 ਅਪ੍ਰੈਲ (ਹਿੰ.ਸ.)|
ਜਲੰਧਰ ਤੋਂ ਕੈਨੇਡਾ ਪੜ੍ਹਾਈ ਲਈ ਗਏ ਇੱਕ ਨੌਜਵਾਨ ਵਿਦਿਆਰਥੀ ਦੀ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋ ਗਈ, ਜਿਸ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਗਹਿਰਾ ਸੋਗ ਛਾ ਗਿਆ ਹੈ। ਮ੍ਰਿਤਕ ਦੀ ਪਹਿਚਾਣ 23 ਸਾਲਾ ਆਕਾਸ਼ਦੀਪ ਸਿੰਘ ਵਜੋਂ ਹੋਈ ਹੈ, ਜੋ 2023 ਵਿੱਚ ਆਪਣੇ ਚੰਗੇ ਭਵਿੱਖ ਦੀ ਆਸ ਨਾਲ ਕੈਨੇਡਾ ਦੇ ਮੋਂਟਰੀਅਲ ਸ਼ਹਿਰ ਵਿੱਚ ਪੜ੍ਹਾਈ ਕਰ ਰਿਹਾ ਸੀ।
ਪਰਿਵਾਰਕ ਮੈਂਬਰਾਂ ਮੁਤਾਬਕ 7 ਅਪ੍ਰੈਲ ਨੂੰ ਆਕਾਸ਼ਦੀਪ ਰੋਜ਼ਾਨਾ ਦੀ ਤਰ੍ਹਾਂ ਕਾਲਜ ਗਿਆ ਸੀ। ਵਾਪਸ ਆ ਕੇ ਉਹ ਆਪਣੇ ਕਮਰੇ ਵਿੱਚ ਆਰਾਮ ਕਰ ਰਿਹਾ ਸੀ ਕਿ ਅਚਾਨਕ ਉਸਨੂੰ ਦਿਲ ਦਾ ਦੌਰਾ ਪੈ ਗਿਆ। ਰੂਮਮੇਟ ਨੂੰ ਸ਼ੱਕ ਹੋਣ ’ਤੇ ਉਹ ਕਮਰੇ ਵਿੱਚ ਗਿਆ ਤਾਂ ਆਕਾਸ਼ਦੀਪ ਬੇਹੋਸ਼ ਹਾਲਤ ਵਿੱਚ ਫਰਸ਼ ’ਤੇ ਪਿਆ ਮਿਲਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰ ਉਸਦੀ ਜਾਨ ਨਹੀਂ ਬਚਾ ਸਕੇ। ਮ੍ਰਿਤਕ ਦੀ ਭੈਣ ਨਵਜੋਤ ਕੌਰ, ਜੋ ਕੈਨੇਡਾ ਵਿੱਚ ਹੀ ਰਹਿੰਦੀ ਹੈ, ਇਸ ਘਟਨਾ ਨਾਲ ਗਹਿਰੇ ਸਦਮੇ ਵਿੱਚ ਹੈ। ਉਸਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਪਰਿਵਾਰ ਵੱਲੋਂ ਭੇਜੇ ਕੱਪੜੇ ਉਸਦੇ ਸੂਟਕੇਸ ਵਿੱਚ ਨਵੇਂ ਹੀ ਪਏ ਸਨ, ਜਿਨ੍ਹਾਂ ਦੇ ਟੈਗ ਵੀ ਨਹੀਂ ਉਤਾਰੇ ਗਏ ਸਨ।
ਇਸ ਦੁਖਦਾਈ ਘਟਨਾ ਤੋਂ ਬਾਅਦ ਸਥਾਨਕ ਭਾਰਤੀ ਅਤੇ ਪੰਜਾਬੀ ਕਮਿਊਨਿਟੀ ਮਦਦ ਲਈ ਅੱਗੇ ਆਈ ਹੈ ਅਤੇ ਗੋਫੰਡਮੀ ਰਾਹੀਂ ਫੰਡ ਇਕੱਠੇ ਕੀਤੇ ਜਾ ਰਹੇ ਹਨ। ਹੁਣ ਤੱਕ ਲਗਭਗ 5 ਹਜ਼ਾਰ ਡਾਲਰ ਇਕੱਠੇ ਹੋ ਚੁੱਕੇ ਹਨ। ਪਰਿਵਾਰ ਨੇ ਮ੍ਰਿਤਕ ਦੇ ਸ਼ਵ ਨੂੰ ਭਾਰਤ ਲਿਆਉਣ ਅਤੇ ਅੰਤਿਮ ਸੰਸਕਾਰ ਲਈ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਹੈ। ਪਰਿਵਾਰ ਪਹਿਲਾਂ ਹੀ ਪੁੱਤਰ ਨੂੰ ਵਿਦੇਸ਼ ਭੇਜਣ ਲਈ ਕਰਜ਼ੇ ਹੇਠ ਸੀ ਅਤੇ ਹੁਣ ਇਸ ਦੁੱਖਦਾਈ ਘਟਨਾ ਨੇ ਉਨ੍ਹਾਂ ਨੂੰ ਆਰਥਿਕ ਅਤੇ ਮਾਨਸਿਕ ਤੌਰ ’ਤੇ ਹੋਰ ਵੀ ਹਿਲਾ ਕੇ ਰੱਖ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH