
ਫਗਵਾੜਾ, 29 ਅਪ੍ਰੈਲ (ਹਿੰ.ਸ.)। ਬਹੁਜਨ ਸਮਾਜ ਪਾਰਟੀ ਵੱਲੋਂ ਪਿੰਡ ਭੁਲਾਰਈ (ਫਗਵਾੜਾ) ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਬਸਪਾ ਦੇ ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਸਾਰੀ ਉਮਰ ਦਲਿਤਾਂ, ਪਿਛੜਿਆਂ ਅਤੇ ਮਜ਼ਲੂਮਾਂ ਦੇ ਹੱਕਾਂ ਲਈ ਸੰਘਰਸ਼ ਕੀਤਾ। ਉਨ੍ਹਾਂ ਨੇ ਸਾਨੂੰ 'ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ' ਦਾ ਜੋ ਨਾਅਰਾ ਦਿੱਤਾ ਸੀ, ਉਹ ਅੱਜ ਦੇ ਦੌਰ ਵਿੱਚ ਹੋਰ ਵੀ ਪ੍ਰਸੰਗਿਕ ਹੋ ਗਿਆ ਹੈ। ਅੱਜ ਜਦੋਂ ਸੰਵਿਧਾਨਕ ਸੰਸਥਾਵਾਂ ਨੂੰ ਖਤਰਾ ਪੈਦਾ ਹੋ ਰਿਹਾ ਹੈ, ਤਾਂ ਬਾਬਾ ਸਾਹਿਬ ਦੇ ਵਿਚਾਰਾਂ 'ਤੇ ਪਹਿਰਾ ਦੇਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ।
ਸੂਬੇ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਪ੍ਰਗਟ ਕਰਦਿਆਂ ਡਾ. ਕਰੀਮਪੁਰੀ ਨੇ 'ਪੰਜਾਬ ਸੰਭਾਲੋ ਮੁਹਿੰਮ' ਦੇ ਮੁੱਖ ਮੁੱਦਿਆਂ ਨੂੰ ਜੋੜਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਭੇਟ ਚੜ੍ਹ ਰਹੀ ਹੈ। ਬੇਰੁਜ਼ਗਾਰੀ ਕਾਰਨ ਸਾਡਾ ਸਰਮਾਇਆ ਵਿਦੇਸ਼ਾਂ ਵੱਲ ਕੂਚ ਕਰ ਰਿਹਾ ਹੈ। ਸੂਬੇ ਸਿਰ ਚੜ੍ਹਿਆ ਕਰਜ਼ਾ ਅਤੇ ਡਗਮਗਾ ਰਹੀ ਕਾਨੂੰਨ ਵਿਵਸਥਾ ਪੰਜਾਬ ਦੇ ਭਵਿੱਖ ਲਈ ਚੁਣੌਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਨੂੰ ਸਿਰਫ ਉਹ ਸੋਚ ਹੀ ਬਚਾ ਸਕਦੀ ਹੈ ਜੋ ਬਾਬਾ ਸਾਹਿਬ ਦੇ ਬਰਾਬਰਤਾ ਵਾਲੇ ਸਮਾਜ ਦੇ ਸੁਪਨੇ 'ਤੇ ਅਧਾਰਿਤ ਹੋਵੇ।
ਡਾ. ਕਰੀਮਪੁਰੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਜਨੀਤਿਕ ਸ਼ਕਤੀ ਤੋਂ ਬਿਨਾਂ ਅਧਿਕਾਰਾਂ ਦੀ ਰਾਖੀ ਸੰਭਵ ਨਹੀਂ ਹੈ। ਉਨ੍ਹਾਂ ਨੇ ਵਰਕਰਾਂ ਅਤੇ ਪਿੰਡ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਹਰ ਪਿੰਡ ਵਿੱਚ ਮਜ਼ਬੂਤ ਸੰਗਠਨ ਤਿਆਰ ਕਰਨੇ ਹੋਣਗੇ। ਜਦੋਂ ਤੱਕ ਅਸੀਂ ਪਿੰਡ ਪੱਧਰ 'ਤੇ ਇਕਜੁੱਟ ਨਹੀਂ ਹੁੰਦੇ, ਉਦੋਂ ਤੱਕ ਅਸੀਂ ਪੰਜਾਬ ਵਿਰੋਧੀ ਤਾਕਤਾਂ ਦਾ ਟਾਕਰਾ ਨਹੀਂ ਕਰ ਸਕਦੇ। ਆਓ, ਬਾਬਾ ਸਾਹਿਬ ਦੇ ਜਨਮ ਦਿਨ 'ਤੇ ਪ੍ਰਣ ਕਰੀਏ ਕਿ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਜਥੇਬੰਦ ਕਰਾਂਗੇ।
ਇਸ ਮੌਕੇ ਪਿੰਡ ਭੁਲਾਰਈ ਦੀ ਪ੍ਰਬੰਧਕ ਕਮੇਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵੱਲੋਂ ਡਾ. ਅਵਤਾਰ ਸਿੰਘ ਕਰੀਮਪੁਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਹੁਸ਼ਿਆਰਪੁਰ ਲੋਕ ਸਭਾ ਦੇ ਇੰਚਾਰਜ ਸਟੇਟ ਜਨਰਲ ਸੈਕਟਰੀ ਹਰਭਜਨ ਬੁਲਾਲੋ, ਫਗਵਾੜਾ ਵਿਧਾਨ ਸਭਾ ਦੇ ਇੰਚਾਰਜ ਲੇਕਰ ਜਮਾਲਪੁਰੀ, ਫਗਵਾੜਾ ਵਿਧਾਨ ਸਭਾ ਦੇ ਪ੍ਰਧਾਨ ਚਰਨਜੀਤ ਲਾਲ ਕਾਲਾ ਕੌਂਸਲਰ ਤੋਂ ਇਲਾਵਾ ਸਮਾਗਮ ਵਿੱਚ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਭਾਰੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ