

ਮੋਹਾਲੀ, 15 ਮਈ (ਹਿੰ.ਸ.)| ਮੋਹਾਲੀ ਦੇ ਜ਼ੀਰਕਪੁਰ ਇਲਾਕੇ ਵਿੱਚ ਛੱਤ ਲਾਈਟ ਚੌਂਕ ਦੇ ਨੇੜੇ ਸ਼ੁੱਕਰਵਾਰ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਮਨਾਲੀ ਤੋਂ ਦਿੱਲੀ ਜਾ ਰਹੀ ਸਵਾਰੀਆਂ ਨਾਲ ਭਰੀ ਨਿੱਜੀ ਬੱਸ ਟਰੱਕ ਨਾਲ ਟੱਕਰ ਮਾਰਨ ਤੋਂ ਬਾਅਦ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਈ। ਇਸ ਦੌਰਾਨ ਇੱਕ ਨੌਜਵਾਨ ਬੱਸ ਦੇ ਹੇਠਾਂ ਆ ਗਿਆ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਹਾਦਸੇ ਵੇਲੇ ਬੱਸ ਵਿੱਚ ਕਰੀਬ 45 ਯਾਤਰੀ ਸਵਾਰ ਸਨ। ਹਾਦਸੇ ਵਿੱਚ 20 ਤੋਂ ਵੱਧ ਯਾਤਰੀ ਜਖ਼ਮੀ ਹੋਏ ਹਨ। ਸਥਾਨਕ ਲੋਕਾਂ ਅਤੇ ਪੁਲਿਸ ਨੇ ਮਿਲ ਕੇ ਬੱਸ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਜਖ਼ਮੀਆਂ ਨੂੰ ਤੁਰੰਤ ਡੇਰਾਬੱਸੀ ਸਿਵਲ ਹਸਪਤਾਲ ਪਹੁੰਚਾਇਆ ਗਿਆ। ਉਥੋਂ ਕਈ ਗੰਭੀਰ ਜਖ਼ਮੀਆਂ ਨੂੰ ਚੰਡੀਗੜ੍ਹ ਸੈਕਟਰ-32 ਹਸਪਤਾਲ ਰੈਫਰ ਕੀਤਾ ਗਿਆ।
ਪੁਲਿਸ ਦੇ ਮੁਤਾਬਕ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬੱਸ ਜ਼ੀਰਕਪੁਰ ਦੇ ਛੱਤ ਲਾਈਟ ਚੌਂਕ ਕੋਲ ਪਹੁੰਚੀ। ਇਸ ਦੌਰਾਨ ਪਟਿਆਲਾ ਵੱਲ ਜਾ ਰਹੇ ਇਕ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਡਰਾਈਵਰ ਦਾ ਕੰਟਰੋਲ ਖਤਮ ਹੋ ਗਿਆ ਅਤੇ ਬੱਸ ਪਲਟ ਗਈ। ਬੱਸ ਦੇ ਪਲਟਣ ਨਾਲ ਕਈ ਯਾਤਰੀ ਸੀਟਾਂ ਤੋਂ ਉੱਛਲ ਕੇ ਡਿੱਗ ਪਏ ਤੇ ਕੁਝ ਅੰਦਰ ਹੀ ਫਸ ਗਏ, ਜਿਸ ਨਾਲ ਮੌਕੇ ‘ਤੇ ਹੜਕੰਪ ਮਚ ਗਿਆ।
ਸੂਚਨਾ ਮਿਲਣ ‘ਤੇ ਸੜਕ ਸੁਰੱਖਿਆ ਪੁਲਿਸ ਦੇ ਕਰਮਚਾਰੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕੀਤਾ। ਲਗਭਗ ਦੋ ਘੰਟੇ ਤੱਕ ਬੱਸ ਸੜਕ ਦੇ ਵਿਚਕਾਰ ਪਈ ਰਹੀ, ਜਿਸ ਕਾਰਨ ਹਾਈਵੇ ‘ਤੇ ਲੰਮਾ ਜਾਮ ਲੱਗ ਗਿਆ। ਬਾਅਦ ਵਿੱਚ ਹਾਈਡਰਾ ਮਸ਼ੀਨ ਦੀ ਮਦਦ ਨਾਲ ਬੱਸ ਨੂੰ ਸੜਕ ਤੋਂ ਹਟਾਇਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / GURSHARAN SINGH