ਐਮ.ਪੀ. ਕੰਗ ਨੇ ਖਰੜ ਹਲਕੇ ਦੇ ਪਿੰਡਾਂ ਵਿੱਚ ਇੱਕੋ ਦਿਨ 6 ਜਿੰਮਾਂ ਕੀਤੀਆਂ ਲੋਕਾਂ ਨੂੰ ਸਮਰਪਿਤ
ਖੇਡਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਮੁੱਖ ਮਕਸਦ : ਕੰਗ ਕੁੱਲ 21 ਲੱਖ ਰੁਪਏ ਦੇ ਪ੍ਰੋਜੈਕਟ ਲੋਕ ਅਰਪਣ ਖਰੜ, 15 ਮਈ (ਹਿੰ.ਸ.)| ਸ਼੍ਰੀ ਅਨੰਦਪੁਰ ਸਾਹਿਬ ਪਾਰਲੀਮਾਨੀ ਹਲਕੇ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸ਼ੁੱਕਰਵਾਰ ਨੂੰ ਖਰੜ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ
ਨਵੀਂ ਓਪਨ ਜਿਮ ’ਚ ਕਸਰਤ ਕਰਦੇ ਹੋਏ ਐਮ.ਪੀ. ਕੰਗ।


ਖੇਡਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਮੁੱਖ ਮਕਸਦ : ਕੰਗ

ਕੁੱਲ 21 ਲੱਖ ਰੁਪਏ ਦੇ ਪ੍ਰੋਜੈਕਟ ਲੋਕ ਅਰਪਣ

ਖਰੜ, 15 ਮਈ (ਹਿੰ.ਸ.)| ਸ਼੍ਰੀ ਅਨੰਦਪੁਰ ਸਾਹਿਬ ਪਾਰਲੀਮਾਨੀ ਹਲਕੇ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸ਼ੁੱਕਰਵਾਰ ਨੂੰ ਖਰੜ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਅਤੇ ਨੌਜਵਾਨਾਂ ਨੂੰ ਇੱਕੋ ਦਿਨ ਵਿੱਚ 6 ਜਿੰਮ ਸਮਰਪਿਤ ਕੀਤੇ। ਉਨ੍ਹਾਂ ਦੱਸਿਆ ਕਿ ਸੰਸਦ ਮੈਂਬਰ ਲੋਕਲ ਏਰੀਆ ਡਿਵੈਲਪਮੈਂਟ (ਐਮਪੀ ਲੈਡ) ਫੰਡ ਤਹਿਤ ਸਿਆਮਪੁਰ, ਖੈਰਪੁਰ ਅਤੇ ਮੱਛਲੀ ਖੁਰਦ ਵਿੱਚ ਤਿੰਨ ਇੰਨਡੋਰ ਜਿੰਮਾਂ ਅਤੇ ਫਤਿਹਗੜ੍ਹ, ਅਭੀਪੁਰ ਅਤੇ ਪੋਪਨਾ ਵਿੱਚ ਤਿੰਨ ਓਪਨ ਜਿੰਮਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਰ ਜਿੰਮ ’ਤੇ ਲਗਭਗ 3 ਲੱਖ ਰੁਪਏ ਦੀ ਲਾਗਤ ਆਈ ਹੈ।

ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਇਨ੍ਹਾਂ ਜਿੰਮਾਂ ਦੀ ਸਥਾਪਨਾ ਦਾ ਮਕਸਦ ਪਿੰਡਾਂ ਦੇ ਵਸਨੀਕਾਂ ਅਤੇ ਨੌਜਵਾਨਾਂ ਵਿੱਚ ਸਿਹਤਮੰਦ ਜੀਵਨ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿਰਫ ਜਿੰਮ ਹੀ ਨਹੀਂ, ਸਗੋਂ ਐਮ ਪੀ ਲੈਡ ਫੰਡ ਦੀ ਸੁਚੱਜੀ ਵਰਤੋਂ ਨਾਲ ਸੰਸਦੀ ਹਲਕੇ ਵਿੱਚ ਵਾਲੀਬਾਲ ਅਤੇ ਬਾਸਕਟਬਾਲ ਕੋਰਟ ਵੀ ਬਣਾਏ ਜਾ ਰਹੇ ਹਨ।

ਖੇਡ ਢਾਂਚੇ ਦੇ ਵਿਕਾਸ ਬਾਰੇ ਜਾਣਕਾਰੀ ਦਿੰਦਿਆਂ ਐਮ ਪੀ ਕੰਗ ਨੇ ਦੱਸਿਆ ਕਿ ਕੁਰਾਲੀ ਨੇੜਲੇ ਖਿਜ਼ਰਾਬਾਦ ਪਿੰਡ ਵਿੱਚ 15 ਲੱਖ ਰੁਪਏ ਦੀ ਲਾਗਤ ਨਾਲ ਬਾਸਕਟਬਾਲ ਕੋਰਟ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਚਮਕੌਰ ਸਾਹਿਬ, ਬਲਾਚੌਰ ਅਤੇ ਗੜ੍ਹਸ਼ੰਕਰ ਖੇਤਰਾਂ ਵਿੱਚ ਵੀ ਕਈ ਵਾਲੀਬਾਲ ਅਤੇ ਬਾਸਕਟਬਾਲ ਕੋਰਟ ਬਣਾਏ ਜਾ ਰਹੇ ਹਨ।

ਆਪਣੇ ਖੇਡਾਂ ਨਾਲ ਸਬੰਧਤ ਤਜਰਬੇ ਸਾਂਝੇ ਕਰਦਿਆਂ ਕੰਗ ਨੇ ਕਿਹਾ ਕਿ ਯੂਨੀਵਰਸਿਟੀ ਖੇਡਾਂ ਦੌਰਾਨ ਬਾਸਕਟਬਾਲ ਖਿਡਾਰੀ ਵਜੋਂ ਉਨ੍ਹਾਂ ਨੇ ਅਨੁਸ਼ਾਸਨ, ਖੇਡ ਭਾਵਨਾ ਅਤੇ ਲੀਡਰਸ਼ਿਪ ਦੇ ਗੁਣ ਸਿੱਖੇ, ਜਿਨ੍ਹਾਂ ਨੇ ਉਨ੍ਹਾਂ ਨੂੰ ਲੋਕ ਸੇਵਾ ਅਤੇ ਸੰਸਦ ਤੱਕ ਪਹੁੰਚਾਇਆ। ਉਨ੍ਹਾਂ ਕਿਹਾ ਕਿ ਭਾਵੇਂ ਐਮ ਪੀ ਲੈਡ ਫੰਡ ਨਾਲ ਨਾਲੀਆਂ, ਗਲੀਆਂ, ਸਕੂਲ ਕਮਰੇ ਅਤੇ ਸੋਲਰ ਲਾਈਟਾਂ ਵਰਗੇ ਹੋਰ ਵਿਕਾਸ ਕਾਰਜ ਵੀ ਕਰਵਾਏ ਜਾ ਰਹੇ ਹਨ, ਪਰ ਉਨ੍ਹਾਂ ਦਾ ਮੁੱਖ ਮੰਤਵ ਨੌਜਵਾਨਾਂ ਵਿੱਚ ਖੇਡ ਸਭਿਆਚਾਰ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਹਰ ਸਾਲ ਮਿਲਣ ਵਾਲਾ 5 ਕਰੋੜ ਰੁਪਏ ਦਾ ਐਮ ਪੀ ਲੈਡ ਫੰਡ ਹਲਕੇ ਦੀਆਂ ਲੋੜਾਂ ਦੇ ਮੁਕਾਬਲੇ ਨਿਗੂਣਾ ਹੈ, ਕਿਉਂਕਿ ਇਹ ਸੰਸਦੀ ਹਲਕਾ ਐਸ ਏ ਐਸ ਨਗਰ, ਰੂਪਨਗਰ, ਐਸ ਬੀ ਐਸ ਨਗਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਫੈਲਿਆ ਹੋਇਆ ਹੈ, ਫਿਰ ਵੀ ਉਹ ਹਰ ਖੇਤਰ ਵਿੱਚ ਸੰਤੁਲਿਤ ਵਿਕਾਸ ਲਈ ਯਤਨਸ਼ੀਲ ਹਨ।

ਪੱਛਮੀ ਏਸ਼ੀਆ ਸੰਘਰਸ਼ ਦੇ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਵੱਲੋਂ ਸਵੈ-ਸੰਯਮ ਦੀ ਅਪੀਲ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੰਗ ਨੇ ਕਿਹਾ ਕਿ ਇਹ ਸਥਿਤੀ ਆਰਥਿਕ ਅਤੇ ਵਿਦੇਸ਼ ਨੀਤੀਆਂ ਦੀ ਨਾਕਾਮੀ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਸਹੀ ਕਦਮ ਚੁੱਕੇ ਜਾਂਦੇ ਤਾਂ ਦੇਸ਼ ਦੇ ਲੋਕਾਂ ਨੂੰ ਐਲ ਪੀ ਜੀ ਅਤੇ ਹੋਰ ਜ਼ਰੂਰੀ ਵਸਤਾਂ, ਸਮੇਤ ਵਾਹਨਾਂ ਦੇ ਤੇਲ, ਦੀ ਕਮੀ ਦਾ ਸਾਹਮਣਾ ਨਾ ਕਰਨਾ ਪੈਂਦਾ।

ਐਮ ਪੀ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ ਅਤੇ ਰਾਜ ਭਰ ਵਿੱਚ 3100 ਖੇਡ ਮੈਦਾਨਾਂ ਦੀ ਉਸਾਰੀ ਇਸਦਾ ਵਧੀਆ ਉਦਾਹਰਨ ਹੈ।

ਪਿੰਡਾਂ ਦੇ ਦੌਰੇ ਦੌਰਾਨ ਕੰਗ ਦਾ ਸਥਾਨਕ ਆਗੂਆਂ, ਸਰਪੰਚਾਂ ਅਤੇ ਪੰਚਾਇਤਾਂ ਵੱਲੋਂ ਸਵਾਗਤ ਕੀਤਾ ਗਿਆ। ਉਨ੍ਹਾਂ ਚਟੌਲੀ ਪਿੰਡ ਵਿੱਚ 3 ਲੱਖ ਰੁਪਏ ਦੀ ਲਾਗਤ ਵਾਲੇ ਗਲੀਆਂ ਅਤੇ ਨਾਲੀਆਂ ਦੇ ਪ੍ਰੋਜੈਕਟ ਦਾ ਵੀ ਉਦਘਾਟਨ ਕੀਤਾ, ਜਿਸ ਨਾਲ ਅੱਜ ਕੁੱਲ 7 ਪਿੰਡਾਂ ਵਿੱਚ 21 ਲੱਖ ਰੁਪਏ ਦੇ ਵਿਕਾਸ ਕਾਰਜ ਲੋਕਾਂ ਨੂੰ ਸਮਰਪਿਤ ਕੀਤੇ ਗਏ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande