
ਚੰਡੀਗੜ੍ਹ, 15 ਮਈ (ਹਿੰ.ਸ.)| ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੱਡਾ ਇਜ਼ਾਫਾ ਹੋਇਆ ਹੈ। ਦੋਵਾਂ ਦੇ ਰੇਟਾਂ ਵਿੱਚ ਲਗਭਗ 3 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ, ਜਿਸ ਨਾਲ ਰਾਜ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋ ਗਈ ਹੈ। ਨਵੇਂ ਰੇਟਾਂ ਮੁਤਾਬਕ ਡੀਜ਼ਲ ਦੀ ਕੀਮਤ 87.83 ਰੁਪਏ ਤੋਂ ਵੱਧ ਕੇ 90.78 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਹਾਲਾਂਕਿ ਵੱਖ-ਵੱਖ ਸ਼ਹਿਰਾਂ ਵਿੱਚ ਕੀਮਤਾਂ ਵਿੱਚ ਥੋੜ੍ਹਾ ਫਰਕ ਵੇਖਣ ਨੂੰ ਮਿਲ ਰਿਹਾ ਹੈ।
ਚੰਡੀਗੜ੍ਹ ਵਿੱਚ ਪੈਟਰੋਲ ਦੀ ਕੀਮਤ 94.30 ਰੁਪਏ ਤੋਂ ਵੱਧ ਕੇ 97.44 ਰੁਪਏ ਹੋ ਗਈ ਹੈ, ਜਦਕਿ ਡੀਜ਼ਲ 82.45 ਰੁਪਏ ਤੋਂ ਵੱਧ ਕੇ 85.56 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ।
ਪਠਾਨਕੋਟ ਵਿੱਚ ਪੈਟਰੋਲ ਦੀ ਕੀਮਤ 98.63 ਰੁਪਏ ਤੋਂ ਵੱਧ ਕੇ 101.60 ਰੁਪਏ ਹੋ ਗਈ ਹੈ, ਜਦਕਿ ਡੀਜ਼ਲ 88.42 ਰੁਪਏ ਤੋਂ ਵੱਧ ਕੇ 91.36 ਰੁਪਏ ਹੋ ਗਿਆ ਹੈ। ਜਲੰਧਰ ਵਿੱਚ ਪੈਟਰੋਲ 97.57 ਰੁਪਏ ਤੋਂ ਵੱਧ ਕੇ 100.54 ਰੁਪਏ ਤੱਕ ਪਹੁੰਚ ਗਿਆ ਹੈ, ਜਦਕਿ ਡੀਜ਼ਲ 87.41 ਤੋਂ ਵੱਧ ਕੇ 90.35 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸਚਦੇਵਾ ਦੇ ਮੁਤਾਬਕ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਫਿਊਲ ਵਿੱਚ ਮਿਲਾਏ ਜਾਣ ਵਾਲੇ ਐਡੀਟਿਵਜ਼ ਦੀ ਲਾਗਤ ਵਧਣ ਕਾਰਨ ਰੇਟ ਵਧੇ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਵਿੱਚ ਹੋਰ ਵਾਧਾ ਵੀ ਹੋ ਸਕਦਾ ਹੈ।
ਲੁਧਿਆਣਾ ਪੈਟਰੋਲ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸਚਦੇਵਾ ਨੇ ਕਿਹਾ ਹੈ ਕਿ ਕੱਚੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਮੁਕਾਬਲੇ ਹੁਣ ਤੱਕ ਪੈਟਰੋਲ-ਡੀਜ਼ਲ ਦੇ ਰੇਟ ਘੱਟ ਹੀ ਵਧੇ ਹਨ। ਉਨ੍ਹਾਂ ਮੁਤਾਬਕ ਲੋਕ ਪਹਿਲਾਂ ਹੀ ਅੰਦਾਜ਼ਾ ਲਗਾ ਰਹੇ ਸਨ ਕਿ ਇੰਨਾ ਵਾਧਾ ਤਾਂ ਹੋਣਾ ਹੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਵਾਹਨਾਂ ਦੀ ਵਰਤੋਂ ਸਿਰਫ਼ ਲੋੜ ਮੁਤਾਬਕ ਹੀ ਕਰਨੀ ਚਾਹੀਦੀ ਹੈ ਤਾਂ ਜੋ ਖਰਚੇ ‘ਤੇ ਕੰਟਰੋਲ ਕੀਤਾ ਜਾ ਸਕੇ। ਅਸ਼ੋਕ ਸਚਦੇਵਾ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH