
ਜਲੰਧਰ , 17 ਮਈ (ਹਿੰ.ਸ.)| ਜਲੰਧਰ ਦੇ ਛੋਟੀ ਬਾਰਾਦਰੀ ਇਲਾਕੇ ਵਿੱਚ ਦੇਰ ਰਾਤ ਕਾਰ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਅਚਾਨਕ ਤਾਬੜਤੋੜ ਫਾਇਰਿੰਗ ਕੀਤੀ ਗਈ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਹਮਲਾਵਰ ਕਾਰ ਵਿੱਚ ਆਏ, ਕੁਝ ਸਮਾਂ ਰੁਕੇ ਅਤੇ ਫਿਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਗੋਲੀਆਂ ਦੀ ਆਵਾਜ਼ ਸੁਣਦੇ ਹੀ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਵਿੱਚ ਛੁਪ ਗਏ। ਇਸ ਘਟਨਾ ਨਾਲ ਇਲਾਕੇ ਵਿੱਚ ਭਾਰੀ ਅਫਰਾ-ਤਫਰੀ ਫੈਲ ਗਈ। ਪੁਲਿਸ ਦੇ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਜਾਂ ਜਾਨੀ-ਮਾਲੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਸੂਚਨਾ ਮਿਲਣ ‘ਤੇ ਪੰਜਾਬ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ। ਆਸ-ਪਾਸ ਦੇ ਰਸਤੇ ਬੰਦ ਕਰਕੇ ਵਾਹਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਘਟਨਾ ਸਥਾਨ ਦੀ ਜਾਂਚ ਕਰਦਿਆਂ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਹੈ। ਇਸ ਦੇ ਨਾਲ ਹੀ ਛੋਟੀ ਬਾਰਾਦਰੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ।
ਪੁਲਿਸ ਅਜੇ ਤੱਕ ਇਹ ਸਪਸ਼ਟ ਨਹੀਂ ਕਰ ਸਕੀ ਕਿ ਫਾਇਰਿੰਗ ਸਿਰਫ਼ ਦਹਿਸ਼ਤ ਫੈਲਾਉਣ ਲਈ ਕੀਤੀ ਗਈ ਸੀ ਜਾਂ ਇਸ ਦੇ ਪਿੱਛੇ ਕੋਈ ਰੰਜਿਸ਼ ਜਾਂ ਗੈਂਗਵਾਰ ਦਾ ਮਾਮਲਾ ਹੈ। ਹਰ ਐਂਗਲ ਤੋਂ ਜਾਂਚ ਜਾਰੀ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਇਲਾਕੇ ਵਿੱਚ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।
ਹਿੰਦੂਸਥਾਨ ਸਮਾਚਾਰ / GURSHARAN SINGH