
ਚੰਡੀਗੜ੍ਹ, 17 ਮਈ (ਹਿੰ.ਸ.)| ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਪੰਜਾਬ ਦੇ ਅਸਲ ਵੋਟਰਾਂ, ਖਾਸ ਕਰਕੇ ਐਨਆਰਆਈ ਪੰਜਾਬੀਆਂ ਦੇ ਵੋਟ ਅਧਿਕਾਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਚੱਲ ਰਹੇ ਵਿਸ਼ੇਸ਼ ਗੰਭੀਰ ਸੁਧਾਰ (ਐਸਆਈਆਰ) ਅਭਿਆਸ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਹੈ।
ਕੰਗ ਨੇ ਕਿਹਾ ਕਿ ਜਿਸ ਤਰੀਕੇ ਨਾਲ ਵੋਟਰ ਵੈਰੀਫਿਕੇਸ਼ਨ ਪ੍ਰਕਿਰਿਆ ਚਲਾਈ ਜਾ ਰਹੀ ਹੈ, ਉਸ ਨਾਲ ਪਾਰਦਰਸ਼ਤਾ ਅਤੇ ਨੀਅਤ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਵੀ ਬਿਹਾਰ ਅਤੇ ਪੱਛਮੀ ਬੰਗਾਲ ਵਰਗੇ ਰਾਜਾਂ ਵਿੱਚ ਇਸ ਤਰ੍ਹਾਂ ਦੇ ਅਭਿਆਸ ਦੌਰਾਨ ਵੱਡੀ ਗਿਣਤੀ ਵਿੱਚ ਵੋਟਰਾਂ ਦੇ ਨਾਮ ਕੱਟੇ ਗਏ ਸਨ ਅਤੇ ਹੁਣ ਪੰਜਾਬ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਪ ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਅਤੇ ਕਿਸਾਨਾਂ ਨੂੰ ਪਹਿਲਾਂ ਹੀ ਕਈ ਵਾਰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਚੁੱਕੀ ਹੈ ਅਤੇ ਹੁਣ ਵੋਟਰ ਸੂਚੀਆਂ ਵਿੱਚੋਂ ਅਸਲ ਪੰਜਾਬੀ ਵੋਟਰਾਂ ਦੇ ਨਾਮ ਹਟਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਉਹਨਾਂ ਆਵਾਜ਼ਾਂ ਨੂੰ ਦਬਾਉਣਾ ਚਾਹੁੰਦੀ ਹੈ ਜੋ ਉਸ ਦੀ ਰਾਜਨੀਤੀ ਨਾਲ ਸਹਿਮਤ ਨਹੀਂ ਹਨ। ਕੰਗ ਨੇ ਖਾਸ ਤੌਰ ‘ਤੇ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਭਾਈਚਾਰੇ ਦੀ ਚਿੰਤਾ ਜਤਾਉਂਦਿਆਂ ਕਿਹਾ ਕਿ ਸਖ਼ਤ ਸਮਾਂ-ਸੀਮਾਵਾਂ ਅਤੇ ਸਰੀਰਕ ਹਾਜ਼ਰੀ ਦੀਆਂ ਸ਼ਰਤਾਂ ਕਾਰਨ ਬਹੁਤ ਸਾਰੇ ਅਸਲ ਐਨਆਰਆਈ ਵੋਟਰਾਂ ਦੇ ਨਾਮ ਗਲਤੀ ਨਾਲ ਕੱਟੇ ਜਾ ਸਕਦੇ ਹਨ। ਉਨ੍ਹਾਂ ਚੋਣ ਕਮਿਸ਼ਨ ਨੂੰ ਆਨਲਾਈਨ ਅਤੇ ਡਿਜੀਟਲ ਵੈਰੀਫਿਕੇਸ਼ਨ ਸਹੂਲਤਾਂ ਸ਼ੁਰੂ ਕਰਨ, ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਲਚਕਦਾਰ ਸਮਾਂ ਦੇਣ ਅਤੇ ਭਾਰਤੀ ਦੂਤਾਵਾਸਾਂ ਰਾਹੀਂ ਪੜਤਾਲ ਸਹਾਇਤਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ।
ਉਨ੍ਹਾਂ ਇਹ ਵੀ ਸਵਾਲ ਉਠਾਇਆ ਕਿ ਪੰਜਾਬ ਵਿੱਚ ਹੋਰ ਰਾਜਾਂ ਦੇ ਮੁਕਾਬਲੇ ਸਖ਼ਤ ਵੈਰੀਫਿਕੇਸ਼ਨ ਸ਼ਡਿਊਲ ਕਿਉਂ ਲਾਗੂ ਕੀਤਾ ਗਿਆ ਹੈ। ਕੰਗ ਨੇ ਇਸਨੂੰ “ਚੋਣਵਾਂ ਦਬਾਅ” ਕਰਾਰ ਦਿੰਦਿਆਂ ਕਿਹਾ ਕਿ ਇਸ ਪਿੱਛੇ ਰਾਜਨੀਤਿਕ ਮਕਸਦ ਹੋ ਸਕਦੇ ਹਨ। ਅੰਤ ਵਿੱਚ ਉਨ੍ਹਾਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੌਕਸ ਰਹਿਣ ਅਤੇ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਅਸਲ ਪੰਜਾਬੀ ਵੋਟਰ ਦਾ ਨਾਮ ਵੋਟਰ ਸੂਚੀ ਵਿੱਚੋਂ ਨਾ ਕੱਟਿਆ ਜਾਵੇ।
ਹਿੰਦੂਸਥਾਨ ਸਮਾਚਾਰ / GURSHARAN SINGH