
ਚੰਡੀਗੜ੍ਹ, 17 ਮਈ (ਹਿੰ.ਸ.)| ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਹੈ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਮਹਾਰਾਣਾ ਪ੍ਰਤਾਪ ਦੇ ਨਾਮ ‘ਤੇ ਅਧਿਐਨ ਕੇਂਦਰ ਅਤੇ ਇੱਕ ਚੇਅਰ ਸਥਾਪਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸ਼ਹਿਜ਼ਾਦਪੁਰ ਦੇ ਬੜਾਗੜ੍ਹ ਵਿੱਚ ਸਥਿਤ ਸਰਕਾਰੀ ਮਹਿਲਾ ਕਾਲਜ ਦਾ ਨਾਮ ਬਦਲ ਕੇ “ਮਹਾਰਾਣੀ ਪਦਮਾਵਤੀ ਸਰਕਾਰੀ ਕਾਲਜ” ਰੱਖਿਆ ਜਾਵੇਗਾ।
ਇਹ ਐਲਾਨ ਅੰਬਾਲਾ ਦੇ ਸ਼ਹਿਜ਼ਾਦਪੁਰ ਵਿੱਚ ਆਯੋਜਿਤ ਰਾਜ ਪੱਧਰੀ ਮਹਾਰਾਣਾ ਪ੍ਰਤਾਪ ਜਯੰਤੀ ਸਮਾਰੋਹ ਦੌਰਾਨ ਕੀਤਾ ਗਿਆ, ਜੋ “ਸੰਤ-ਮਹਾਂਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ” ਤਹਿਤ ਕਰਵਾਇਆ ਗਿਆ ਸੀ। ਇਸ ਮੌਕੇ ਮੁੱਖ ਮੰਤਰੀ ਨੇ ਨਾਰਾਇਣਗੜ੍ਹ ਵਿਧਾਨ ਸਭਾ ਖੇਤਰ ਵਿੱਚ 5 ਕਰੋੜ ਰੁਪਏ ਦੇ ਵਿਕਾਸ ਕਾਰਜਾਂ, ਰਾਜਪੂਤ ਹੋਸਟਲ ਲਈ 31 ਲੱਖ ਰੁਪਏ ਅਤੇ ਸ਼ਹਿਜ਼ਾਦਪੁਰ ਦੇ ਕੱਚੇ ਨਾਲੇ ਨੂੰ ਪੱਕਾ ਕਰਨ ਦਾ ਵੀ ਐਲਾਨ ਕੀਤਾ।
ਸਮਾਰੋਹ ਵਿੱਚ ਮਿਜ਼ੋਰਮ ਦੇ ਰਾਜਪਾਲ ਜਨਰਲ (ਡਾ.) ਵਿਜੇ ਕੁਮਾਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮੰਤਰੀ ਸੈਣੀ ਨੇ ਮਹਾਰਾਣਾ ਪ੍ਰਤਾਪ ਨੂੰ ਮਹਾਨ ਯੋਧਾ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀ ਬਹਾਦਰੀ ਅਤੇ ਤਿਆਗ ਭਾਰਤੀ ਇਤਿਹਾਸ ਦਾ ਗੌਰਵ ਹੈ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਨੇ ਮੁਸ਼ਕਲ ਹਾਲਾਤਾਂ ਵਿੱਚ ਵੀ ਆਤਮਸਮਰਪਣ ਨਹੀਂ ਕੀਤਾ ਅਤੇ ਲੰਮਾ ਸਮਾਂ ਜੰਗਲਾਂ ਵਿੱਚ ਰਹਿ ਕੇ ਸੰਘਰਸ਼ ਕੀਤਾ।
ਉਨ੍ਹਾਂ ਨੇ ਕਿਹਾ ਕਿ “ਚੇਤਕ” ਘੋੜੇ ਅਤੇ ਰਾਣਾ ਪ੍ਰਤਾਪ ਦੀ ਵਿਰਾਸਤ ਅੱਜ ਵੀ ਦੇਸ਼ ਭਗਤੀ ਦੀ ਪ੍ਰੇਰਣਾ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਮਜ਼ਬੂਤ ਰਾਸ਼ਟਰ ਵਜੋਂ ਉਭਰ ਰਿਹਾ ਹੈ, ਜੋ ਮਹਾਰਾਣਾ ਪ੍ਰਤਾਪ ਦੇ ਸੁਪਨਿਆਂ ਨਾਲ ਮਿਲਦਾ ਹੈ।
ਰਾਜਪਾਲ ਵਿਜੇ ਕੁਮਾਰ ਸਿੰਘ ਨੇ ਵੀ ਮਹਾਰਾਣਾ ਪ੍ਰਤਾਪ ਦੇ ਜੀਵਨ ਨੂੰ ਪ੍ਰੇਰਣਾਦਾਇਕ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਯੁੱਧਨੀਤੀ ਅਤੇ ਆਦਰਸ਼ਾਂ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਵੈ-ਮਾਣ, ਸੰਸਕ੍ਰਿਤੀ ਅਤੇ ਧਰਮ ਦੀ ਰੱਖਿਆ ਲਈ ਕੀਤੇ ਗਏ ਯਤਨ ਅੱਜ ਵੀ ਪ੍ਰਸੰਗਿਕ ਹਨ।
ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਸਮਾਰੋਹ ਵਿੱਚ ਮਹਾਰਾਣਾ ਪ੍ਰਤਾਪ ਦੀ ਬਹਾਦਰੀ ਅਤੇ ਹਲਦੀਘਾਟੀ ਯੁੱਧ ਦੀਆਂ ਘਟਨਾਵਾਂ ‘ਤੇ ਚਾਨਣ ਪਾਇਆ। ਇਸ ਮੌਕੇ ਕਈ ਮੰਤਰੀ, ਵਿਧਾਇਕ ਅਤੇ ਸੀਨੀਅਰ ਅਧਿਕਾਰੀ ਮੌਜੂਦ ਰਹੇ। ਸਮਾਰੋਹ ਦੌਰਾਨ ਮਹਾਰਾਣਾ ਪ੍ਰਤਾਪ ਦੇ ਜੀਵਨ, ਸੰਘਰਸ਼ ਅਤੇ ਦੇਸ਼ ਭਗਤੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਆਦਰਸ਼ਾਂ ‘ਤੇ ਚੱਲਣ ਦੀ ਅਪੀਲ ਕੀਤੀ ਗਈ।
ਹਿੰਦੂਸਥਾਨ ਸਮਾਚਾਰ / GURSHARAN SINGH