
ਚੰਡੀਗੜ੍ਹ, 19 ਮਈ (ਹਿੰ.ਸ.)| ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਭਲੂਰ ਵਿੱਚ ਇੱਕ 35 ਸਾਲਾ ਨੌਜਵਾਨ ਦਾ ਖੂਨ ਨਾਲ ਲਥਪਥ ਲਾਸ਼ ਸ਼ਮਸ਼ਾਨ ਘਾਟ ਤੋਂ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਅਤੇ ਸੋਗ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਦੀ ਪਛਾਣ ਮਾਨਕ ਸਿੰਘ ਪੁੱਤਰ ਨੈਬ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮਾਨਕ ਸਿੰਘ ਬੀਤੀ ਸ਼ਾਮ ਪਿੰਡ ਦੀ ਸਾਂਝੀ ਧਰਮਸ਼ਾਲਾ ਵਿੱਚ ਸੇਵਾ ਕਰਨ ਗਿਆ ਸੀ। ਸੇਵਾ ਖਤਮ ਹੋਣ ਤੋਂ ਬਾਅਦ ਉਹ ਦੇਰ ਸ਼ਾਮ ਘਰ ਤੋਂ ਬਾਹਰ ਗਿਆ ਪਰ ਵਾਪਸ ਨਹੀਂ ਆਇਆ। ਮੰਗਲਵਾਰ ਸਵੇਰੇ ਉਸਦਾ ਸ਼ਵ ਪਿੰਡ ਭਲੂਰ ਤੋਂ ਅਲੌਖ ਪਿੰਡ ਨੂੰ ਜਾਣ ਵਾਲੀ ਸੜਕ ਨੇੜੇ ਸ਼ਮਸ਼ਾਨ ਘਾਟ ਵਿੱਚ ਖੂਨ ਨਾਲ ਲਥਪਥ ਹਾਲਤ ਵਿੱਚ ਮਿਲਿਆ। ਘਟਨਾ ਦੀ ਖ਼ਬਰ ਮਿਲਦੇ ਹੀ ਪਿੰਡ ਦੇ ਸਰਪੰਚ ਅਰਸ਼ਦੀਪ ਸਿੰਘ ਅਤੇ ਪੰਚ ਚਮਕੌਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕ ਦੇ ਚਾਚੇ ਦੇ ਪੁੱਤਰ ਨਿਰਮਲ ਸਿੰਘ ਨੇ ਦੱਸਿਆ ਕਿ ਮਾਨਕ ਸਿੰਘ ਸ਼ਾਮ ਨੂੰ ਘਰੋਂ ਗਿਆ ਸੀ ਪਰ ਵਾਪਸ ਨਹੀਂ ਆਇਆ। ਸੂਚਨਾ ਮਿਲਣ ‘ਤੇ ਥਾਣਾ ਸਮਾਲਸਰ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸ਼ਵ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਥਾਣਾ ਮੁਖੀ ਮੰਗਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖ ਤੋਂ ਗੰਭੀਰ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਤਾਂ ਉਸਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਪਿੰਡ ਵਾਸੀਆਂ ਨੇ ਇਸ ਘਟਨਾ ਨੂੰ ਸ਼ੱਕੀ ਕਰਾਰ ਦਿੰਦਿਆਂ ਪੂਰੀ ਗੰਭੀਰ ਜਾਂਚ ਦੀ ਮੰਗ ਕੀਤੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH