
ਸੰਗਰੂਰ, 19 ਮਈ (ਹਿੰ.ਸ.)| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਜੱਦੀ ਪਿੰਡ ਸਤੌਜ ਤੋਂ ਇੱਕ ਇਤਿਹਾਸਕ ਅਤੇ ਨਿਵੇਕਲੀ ਪਹਿਲ ਦੀ ਸ਼ੁਰੂਆਤ ਕਰਦਿਆਂ ਪੰਜਾਬ ਨੂੰ ਦੇਸ਼ ਦਾ ਪਹਿਲਾ “ਖੰਭਾ-ਮੁਕਤ ਪਿੰਡਾਂ ਵਾਲਾ ਸੂਬਾ” ਬਣਾਉਣ ਵੱਲ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਨੇ ਅੱਜ ਸਤੌਜ ਵਿੱਚ ਬਿਜਲੀ ਦੀਆਂ ਉਪਰੋਂ ਲੰਘਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਨ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਯੋਜਨਾ ਤਹਿਤ ਪਿੰਡਾਂ ਵਿੱਚ ਬਿਜਲੀ ਦੀਆਂ ਹਾਈ ਟੈਂਸ਼ਨ ਅਤੇ ਲੋਅ ਟੈਂਸ਼ਨ ਲਾਈਨਾਂ ਨੂੰ ਅੰਡਰਗਰਾਊਂਡ ਕੀਤਾ ਜਾਵੇਗਾ, ਜਿਸ ਨਾਲ ਖ਼ਤਰਨਾਕ ਖੰਭਿਆਂ ਅਤੇ ਤਾਰਾਂ ਦੇ ਜਾਲ ਤੋਂ ਲੋਕਾਂ ਨੂੰ ਰਾਹਤ ਮਿਲੇਗੀ।ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਕਿਸਾਨਾਂ ਅਤੇ ਪਿੰਡਾਂ ਦੇ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਵੇਗਾ। ਬਿਜਲੀ ਦੀਆਂ ਉੱਪਰਲੀਆਂ ਤਾਰਾਂ ਕਾਰਨ ਅਕਸਰ ਫ਼ਸਲਾਂ ਨੂੰ ਅੱਗ ਲੱਗਣ, ਕਰੰਟ ਲੱਗਣ ਅਤੇ ਹਾਦਸਿਆਂ ਦੀਆਂ ਘਟਨਾਵਾਂ ਵਾਪਰਦੀਆਂ ਹਨ। ਹੁਣ ਤਾਰਾਂ ਨੂੰ ਜ਼ਮੀਨ ਹੇਠਾਂ ਪਾਉਣ ਨਾਲ ਨਾ ਸਿਰਫ਼ ਅਜਿਹੀਆਂ ਘਟਨਾਵਾਂ ‘ਤੇ ਰੋਕ ਲੱਗੇਗੀ, ਸਗੋਂ ਬਿਜਲੀ ਸਪਲਾਈ ਵੀ ਨਿਰਵਿਘਨ ਹੋਵੇਗੀ। ‘ਸਤੌਜ ਮਾਡਲ’ ਦੇ ਤਹਿਤ ਪਿੰਡ ਵਿੱਚੋਂ 384 ਬਿਜਲੀ ਦੇ ਖੰਭੇ ਹਟਾਏ ਜਾਣਗੇ। ਕਰੀਬ 8 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪਾਇਲਟ ਪ੍ਰੋਜੈਕਟ ਵਿੱਚ 7 ਕਿਲੋਮੀਟਰ ਹਾਈ ਟੈਂਸ਼ਨ ਲਾਈਨਾਂ, 9.5 ਕਿਲੋਮੀਟਰ ਲੋਅ ਟੈਂਸ਼ਨ ਲਾਈਨਾਂ ਅਤੇ 41 ਕਿਲੋਮੀਟਰ ਸਰਵਿਸ ਕੇਬਲ ਜ਼ਮੀਨਦੋਜ਼ ਵਿਛਾਈ ਜਾਵੇਗੀ। ਇਸ ਨਾਲ ਪਿੰਡ ਦੇ 800 ਤੋਂ ਵੱਧ ਘਰਾਂ ਨੂੰ ਸਿੱਧਾ ਲਾਭ ਮਿਲੇਗਾ।ਮੁੱਖ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਕੇਬਲਾਂ ਵਿਛਾਉਣ ਲਈ ਸੜਕਾਂ ਨੂੰ ਪੁੱਟਿਆ ਨਹੀਂ ਜਾਵੇਗਾ। ਟ੍ਰੈਂਚਲੈੱਸ ਡ੍ਰਿਲਿੰਗ ਮਸ਼ੀਨਾਂ ਰਾਹੀਂ ਜ਼ਮੀਨ ਤੋਂ ਤਿੰਨ ਫੁੱਟ ਹੇਠਾਂ ਪਾਈਪਾਂ ਪਾ ਕੇ ਕੇਬਲਾਂ ਵਿਛਾਈਆਂ ਜਾਣਗੀਆਂ। ਇਸ ਨਾਲ ਲੋਕਾਂ ਨੂੰ ਆਵਾਜਾਈ ਜਾਂ ਹੋਰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਦੇ ਖੰਭਿਆਂ ਅਤੇ ਉੱਪਰਲੀਆਂ ਤਾਰਾਂ ਕਾਰਨ ਪਸ਼ੂਆਂ ਅਤੇ ਬੱਚਿਆਂ ਲਈ ਹਰ ਵੇਲੇ ਖ਼ਤਰਾ ਬਣਿਆ ਰਹਿੰਦਾ ਹੈ। ਕੰਬਾਈਨਾਂ ਅਤੇ ਟਰੈਕਟਰਾਂ ਦੇ ਤਾਰਾਂ ਨਾਲ ਸੰਪਰਕ ਵਿੱਚ ਆਉਣ ਕਾਰਨ ਕਈ ਵਾਰ ਜਾਨਲੇਵਾ ਹਾਦਸੇ ਵੀ ਵਾਪਰਦੇ ਹਨ। ਉਨ੍ਹਾਂ ਨੇ ਆਪਣੇ ਪਿੰਡ ਦੀ ਇੱਕ ਦੁਖਦਾਈ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਕਰੰਟ ਲੱਗਣ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਉਨ੍ਹਾਂ ਨੌਜਵਾਨਾਂ ਨੂੰ ਸੱਚੀ ਸ਼ਰਧਾਂਜਲੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨਾਲ ਬਿਜਲੀ ਦੀ ਲੀਕੇਜ ਘਟੇਗੀ, ਟ੍ਰਾਂਸਮਿਸ਼ਨ ਘਾਟਾ ਘਟੇਗਾ ਅਤੇ ਪਿੰਡਾਂ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ “ਸਤੌਜ ਮਾਡਲ” ਨੂੰ ਪੂਰੇ ਦੇਸ਼ ਵਿੱਚ ਉਦਾਹਰਨ ਵਜੋਂ ਦੇਖਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH