
ਚੰਡੀਗੜ੍ਹ, 19 ਮਈ (ਹਿੰ.ਸ.)| ਨਿਊ ਚੰਡੀਗੜ੍ਹ ਦੇ ਕੁਰਾਲੀ ਬਾਈਪਾਸ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਗਗਨਦੀਪ ਜੰਮੂ ‘ਤੇ ਫਾਇਰਿੰਗ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਮਲੇ ਵਿੱਚ ਉਹ ਖੁਦ ਤਾਂ ਸੁਰੱਖਿਅਤ ਬਚ ਗਏ ਪਰ ਉਨ੍ਹਾਂ ਦੀ ਗੱਡੀ ‘ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਗਗਨਦੀਪ ਜੰਮੂ ਹਾਈਕੋਰਟ ਦੇ ਸਾਬਕਾ ਸਕੱਤਰ ਰਹਿ ਚੁੱਕੇ ਹਨ । ਹਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਪੁਲਿਸ ਅਨੁਸਾਰ ਹਮਲਾਵਰਾਂ ਵੱਲੋਂ ਤਿੰਨ ਫਾਇਰ ਕੀਤੇ ਗਏ। ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕਰ ਲਏ ਗਏ ਹਨ। ਇਸ ਹਮਲੇ ਤੋਂ ਬਾਅਦ ਹਾਈਕੋਰਟ ਬਾਰ ਐਸੋਸੀਏਸ਼ਨ ਨੇ ਸਖ਼ਤ ਰੋਸ ਜਤਾਇਆ ਹੈ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਗਗਨਦੀਪ ਜੰਮੂ ਨੇ ਪੁਲਿਸ ਨੂੰ ਦੱਸਿਆ ਕਿ ਉਹ ਦੁਪਹਿਰ ਕਰੀਬ ਸਵਾ 3 ਵਜੇ ਚੰਡੀਗੜ੍ਹ ਤੋਂ ਕਈ ਥਾਵਾਂ ‘ਤੇ ਗਏ ਸਨ ਅਤੇ ਸ਼ਾਮ ਨੂੰ ਦੋਸਤਾਂ ਨਾਲ ਮਿਲਣ ਤੋਂ ਬਾਅਦ ਰੋਪੜ ਵੱਲ ਨਿਕਲੇ। ਵਾਪਸੀ ਦੌਰਾਨ ਕੁਰਾਲੀ ਬਾਈਪਾਸ ‘ਤੇ ਇੱਕ ਅਣਪਛਾਤੇ ਬਾਈਕ ਸਵਾਰ ਨੇ ਉਨ੍ਹਾਂ ਦੀ ਇਨੋਵਾ ਕਰਿਸਟਾ ਗੱਡੀ ‘ਤੇ ਪਿੱਛੇ ਤੋਂ ਗੋਲੀ ਚਲਾ ਦਿੱਤੀ। ਉਨ੍ਹਾਂ ਕਿਹਾ ਕਿ ਗੋਲੀ ਦੀ ਆਵਾਜ਼ ਸੁਣਦੇ ਹੀ ਉਨ੍ਹਾਂ ਨੇ ਗੱਡੀ ਰੋਕੀ ਅਤੇ ਕੱਚੇ ਰਸਤੇ ਵੱਲ ਮੋੜ ਦਿੱਤੀ, ਜਿਸ ਤੋਂ ਬਾਅਦ ਹਮਲਾਵਰ ਫਰਾਰ ਹੋ ਗਿਆ।
ਡੀਐਸਪੀ ਮੁੱਲਾਂਪੁਰ ਹਰਕੀਰਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਰਾਹੀਂ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH