
ਚੰਡੀਗੜ੍ਹ, 19 ਮਈ (ਹਿੰ.ਸ.)| ਲੁਧਿਆਣਾ ਵਿੱਚ ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਇੰਦਰ ਕੌਰ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਉਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। 29 ਸਾਲਾ ਗਾਇਕਾ ਦੀ ਲਾਸ਼ ਮੰਗਲਵਾਰ ਸਵੇਰੇ ਕਰੀਬ 11 ਵਜੇ ਨੀਲੋ ਨਹਿਰ ਵਿੱਚੋਂ ਬਰਾਮਦ ਹੋਈ। ਪਰਿਵਾਰ ਅਨੁਸਾਰ, ਇੰਦਰ ਕੌਰ ਨੂੰ 6 ਦਿਨ ਪਹਿਲਾਂ ਗਨ ਪੁਆਇਟ ‘ਤੇ ਅਗਵਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਲਗਾਤਾਰ ਉਸਦੀ ਭਾਲ ਕਰ ਰਿਹਾ ਸੀ। ਪੁਲਿਸ ਨੇ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਮਰਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕਾ ਦੇ ਮਾਤਾ-ਪਿਤਾ ਅਤੇ ਦੋ ਭਰਾ ਕੋਰੀਆ ਵਿੱਚ ਰਹਿੰਦੇ ਹਨ, ਜਦਕਿ ਇੱਕ ਭਰਾ ਲੁਧਿਆਣਾ ਦੇ ਜਮਾਲਪੁਰ ਇਲਾਕੇ ਵਿੱਚ ਰਹਿੰਦਾ ਹੈ।
ਮ੍ਰਿਤਕਾ ਦੇ ਭਰਾ ਜੋਤਇੰਦਰ ਸਿੰਘ ਨੇ ਦੱਸਿਆ ਕਿ ਮੋਗਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਵੱਲੋਂ ਇੰਦਰ ਕੌਰ ‘ਤੇ ਜਬਰਦਸਤੀ ਵਿਆਹ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ। ਜਦੋਂ ਇੰਦਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਅਗਵਾ ਕਰ ਲਿਆ ਗਿਆ ਅਤੇ ਬਾਅਦ ਵਿੱਚ ਕਤਲ ਕਰ ਦਿੱਤਾ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਮੁਲਜ਼ਮ ਸੁਖਵਿੰਦਰ ਸਿੰਘ ਕੈਨੇਡਾ ਤੋਂ ਨੇਪਾਲ ਰਾਹੀਂ ਪੰਜਾਬ ਆਇਆ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁੜ ਉਸੇ ਰਸਤੇ ਕੈਨੇਡਾ ਫਰਾਰ ਹੋ ਗਿਆ।
ਜੋਤਇੰਦਰ ਸਿੰਘ ਮੁਤਾਬਕ, ਤਿੰਨ ਸਾਲ ਪਹਿਲਾਂ ਇੰਦਰ ਕੌਰ ਦੀ ਸੁਖਵਿੰਦਰ ਸਿੰਘ ਨਾਲ ਇੰਸਟਾਗ੍ਰਾਮ ‘ਤੇ ਦੋਸਤੀ ਹੋਈ ਸੀ। ਬਾਅਦ ਵਿੱਚ ਇੰਦਰ ਨੂੰ ਪਤਾ ਲੱਗਾ ਕਿ ਸੁਖਵਿੰਦਰ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਅਤੇ ਉਸਦੇ ਬੱਚੇ ਵੀ ਹਨ। ਇਸ ਕਾਰਨ ਉਸ ਨੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਇਸੇ ਗੱਲ ਦੀ ਰੰਜਿਸ਼ ਰੱਖਦਿਆਂ ਮੁਲਜ਼ਮ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪਰਿਵਾਰ ਅਨੁਸਾਰ, 13 ਮਈ ਦੀ ਸ਼ਾਮ ਇੰਦਰ ਕੌਰ ਆਪਣੀ ਚਿੱਟੇ ਰੰਗ ਦੀ ਫੋਰਡ ਫਿਗੋ ਕਾਰ ਵਿੱਚ ਘਰ ਦਾ ਰਾਸ਼ਨ ਲੈਣ ਲਈ ਨਿਕਲੀ ਸੀ, ਪਰ ਵਾਪਸ ਘਰ ਨਹੀਂ ਆਈ। ਇਸ ਤੋਂ ਬਾਅਦ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕੀਤੀ। ਛਾਣਬੀਣ ਦੌਰਾਨ ਪਤਾ ਲੱਗਾ ਕਿ 13 ਮਈ ਦੀ ਰਾਤ ਸੁਖਵਿੰਦਰ ਸਿੰਘ ਉਰਫ਼ ਸੁੱਖਾ, ਉਸਦੇ ਪਿਤਾ ਪ੍ਰੀਤਮ ਸਿੰਘ, ਦੋਸਤ ਕਰਮਜੀਤ ਸਿੰਘ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਨੇ ਮਿਲ ਕੇ ਯਸ਼ਇੰਦਰ ਕੌਰ ਨੂੰ ਗਨ ਪੌਇੰਟ ‘ਤੇ ਅਗਵਾ ਕੀਤਾ ਸੀ। ਪਰਿਵਾਰ ਨੇ ਦੱਸਿਆ ਕਿ ਇੰਦਰ ਕੌਰ ਨੇ ਪੰਜ ਸਾਲ ਪਹਿਲਾਂ ਗਾਇਕੀ ਛੱਡ ਦਿੱਤੀ ਸੀ ਅਤੇ ਹੁਣ ਉਹ ਬੂਟੀਕ ਅਤੇ ਮੇਕਅਪ ਆਰਟਿਸਟ ਦਾ ਕੰਮ ਕਰ ਰਹੀ ਸੀ।
ਥਾਣਾ ਜਮਾਲਪੁਰ ਦੇ ਐਸਐਚਓ ਬਲਬੀਰ ਸਿੰਘ ਨੇ ਦੱਸਿਆ ਕਿ ਨੀਲੋ ਨਹਿਰ ਵਿੱਚੋਂ ਲਾਸ਼ ਮਿਲਣ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਪਰਿਵਾਰ ਨੂੰ ਪਛਾਣ ਲਈ ਬੁਲਾਇਆ ਗਿਆ, ਜਿਸ ਤੋਂ ਬਾਅਦ ਮ੍ਰਿਤਕਾ ਦੀ ਪਛਾਣ ਇੰਦਰ ਕੌਰ ਉਰਫ਼ ਯਸ਼ਇੰਦਰ ਕੌਰ ਵਜੋਂ ਹੋਈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH