
ਚੰਡੀਗੜ੍ਹ, 02 ਮਈ (ਹਿੰ.ਸ.)| ਪੰਜਾਬ ਵਿੱਚ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਅਪਰਾਧ ਖ਼ਿਲਾਫ਼ ਲੜਾਈ ਨੂੰ ਹੋਰ ਮਜ਼ਬੂਤ ਬਣਾਉਂਦਿਆਂ ਆਧੁਨਿਕ ਤਕਨਾਲੋਜੀ ਦਾ ਸਹਾਰਾ ਲਿਆ ਹੈ। ਹੁਣ ਪੁਲਿਸ ਪੰਜਾਬ ਪੁਲਿਸ ਵੱਲੋਂ ਪੰਜਾਬ ਆਰਟੀਫ਼ੀਸ਼ਲ ਇੰਟੈਲੀਜੈਂਸ ਸਿਸਟਮ ਤਹਿਤ ਇੱਕ ਨਵਾਂ ਵੌਇਸ ਪਛਾਣ ਪ੍ਰਣਾਲੀ ਵਰਤੀ ਜਾ ਰਹੀ ਹੈ, ਜੋ ਗੈਂਗ ਨੈੱਟਵਰਕਾਂ ਵਿੱਚ ਘੁਸਪੈਠ ਕਰਨ ਅਤੇ ਵਿਦੇਸ਼ਾਂ ਵਿੱਚ ਬੈਠੇ ਅਪਰਾਧੀਆਂ ਤੱਕ ਪਹੁੰਚ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ।
ਇਸ ਏਆਈ ਅਧਾਰਿਤ ਪ੍ਰਣਾਲੀ ਵਿੱਚ 84,000 ਤੋਂ ਵੱਧ ਅਪਰਾਧੀਆਂ ਅਤੇ ਸ਼ੱਕੀਆਂ ਦੇ ਆਵਾਜ਼ ਨਮੂਨਿਆਂ ਦਾ ਵੱਡਾ ਡਾਟਾ ਸੰਗ੍ਰਹਿ ਮੌਜੂਦ ਹੈ। ਇਸਦੇ ਨਾਲ ਹੀ ਲਗਭਗ 3,90,000 ਅਪਰਾਧੀਆਂ ਦੀ ਜਾਣਕਾਰੀ ਵਾਲਾ ਵਿਸ਼ਾਲ ਡਾਟਾਬੇਸ ਵੀ ਜੋੜਿਆ ਗਿਆ ਹੈ, ਜਿਸ ਵਿੱਚ ਗੈਂਗ ਸੰਬੰਧੀ ਵੇਰਵੇ ਅਤੇ ਧੁਨੀ ਅਧਾਰਿਤ ਖੋਜ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ। ‘ਗੈਂਗ ਟ੍ਰੀ ਖੋਜ’ ਸਹੂਲਤ ਰਾਹੀਂ ਅਪਰਾਧੀ ਜਾਲ ਦੀ ਪੂਰੀ ਬਣਤਰ ਨੂੰ ਸਪਸ਼ਟ ਤੌਰ ‘ਤੇ ਵੇਖਿਆ ਜਾ ਸਕਦਾ ਹੈ। ਪੁਲਿਸ ਅਨੁਸਾਰ ਪੰਜਾਬ ਨਾਲ ਜੁੜੇ ਕਰੀਬ 60 ਖ਼ਤਰਨਾਕ ਗੈਂਗਸਟਰ ਕੈਨੇਡਾ, ਅਮਰੀਕਾ ਅਤੇ ਇਟਲੀ ਵਰਗੇ ਦੇਸ਼ਾਂ ਵਿੱਚ ਬੈਠ ਕੇ ਅਪਰਾਧਿਕ ਗਤੀਵਿਧੀਆਂ ਚਲਾ ਰਹੇ ਹਨ। ਇਹ ਤੱਤ ਇਨਕ੍ਰਿਪਟਡ ਐਪਾਂ ਅਤੇ ਵਰਚੁਅਲ ਨੰਬਰਾਂ ਰਾਹੀਂ ਧਮਕੀਆਂ ਦੇ ਕੇ ਫਿਰੌਤੀ ਮੰਗਣ ਵਰਗੀਆਂ ਕਾਰਵਾਈਆਂ ਕਰਦੇ ਹਨ। ਨਵੀਂ ਤਕਨਾਲੋਜੀ ਨਾਲ ਹੁਣ ਅਜਿਹੀਆਂ ਗਤੀਵਿਧੀਆਂ ‘ਤੇ ਨਿਗਰਾਨੀ ਹੋਰ ਆਸਾਨ ਹੋ ਗਈ ਹੈ।
ਏਡੀਜੀਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਇਸ ਪ੍ਰਣਾਲੀ ਨਾਲ ਕਾਲ ਕਰਨ ਵਾਲੇ ਦੀ ਪਛਾਣ ਕੁਝ ਮਿੰਟਾਂ ਵਿੱਚ ਹੋ ਸਕਦੀ ਹੈ, ਜਿਸ ਨਾਲ ਪੁਲਿਸ ਨੂੰ ਤੇਜ਼ ਅਤੇ ਸਟੀਕ ਕਾਰਵਾਈ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੱਖ-ਵੱਖ ਘਟਨਾਵਾਂ ਨੂੰ ਅਲੱਗ-ਅਲੱਗ ਦੇਖਿਆ ਜਾਂਦਾ ਸੀ, ਪਰ ਹੁਣ ਪੂਰੇ ਨੈੱਟਵਰਕ ਨੂੰ ਇੱਕੱਠੇ ਸਮਝ ਕੇ ਉਸਦੇ ਖ਼ਾਤਮੇ ਵੱਲ ਕਦਮ ਚੁੱਕੇ ਜਾ ਰਹੇ ਹਨ।
ਇਹ ਤਕਨਾਲੋਜੀ ਸਿਰਫ਼ ਅਪਰਾਧਾਂ ਦੀ ਜਾਂਚ ਹੀ ਨਹੀਂ, ਸਗੋਂ ਉਨ੍ਹਾਂ ਨੂੰ ਹੋਣ ਤੋਂ ਪਹਿਲਾਂ ਰੋਕਣ ਵਿੱਚ ਵੀ ਸਹਾਇਕ ਹੈ। ਹਾਲੀਆ ਮਾਮਲਿਆਂ ਵਿੱਚ ਵਿਦੇਸ਼ੀ ਹੈਂਡਲਰਾਂ ਅਤੇ ਸਥਾਨਕ ਸਹਿਯੋਗੀਆਂ ਵਿਚਾਲੇ ਸੰਚਾਰ ਨੂੰ ਟ੍ਰੈਕ ਕਰਕੇ ਸੰਭਾਵਿਤ ਹਮਲਿਆਂ ਨੂੰ ਨਾਕਾਮ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਿਸ਼ੇਸ਼ ਫਰਾਰ ਅਪਰਾਧੀ ਟ੍ਰੈਕਿੰਗ ਸੈੱਲ ਨੂੰ ਵੀ ਮਜ਼ਬੂਤੀ ਮਿਲੀ ਹੈ, ਜੋ ਅੰਤਰਰਾਸ਼ਟਰੀ ਏਜੰਸੀਆਂ ਨਾਲ ਸਹਿਯੋਗ ਕਰਕੇ ਵਿਦੇਸ਼ਾਂ ਵਿੱਚ ਲੁਕੇ ਅਪਰਾਧੀਆਂ ਦੀ ਪਛਾਣ ਅਤੇ ਉਨ੍ਹਾਂ ਦੀ ਵਾਪਸੀ ਦੀ ਕਾਰਵਾਈ ਨੂੰ ਤੇਜ਼ ਕਰ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਕਦਮ ਰਵਾਇਤੀ ਪੁਲਿਸਿੰਗ ਤੋਂ ਅੱਗੇ ਵਧਦਿਆਂ ਅਗਾਹੀ ਅਧਾਰਿਤ ਪੁਲਿਸਿੰਗ ਵੱਲ ਇੱਕ ਵੱਡਾ ਬਦਲਾਅ ਹੈ, ਜਿਸ ਨਾਲ ਅਪਰਾਧੀਆਂ ਨੂੰ ਕਿਤੇ ਵੀ ਲੁਕਣ ਦਾ ਮੌਕਾ ਨਹੀਂ ਮਿਲੇਗਾ।
ਹਿੰਦੂਸਥਾਨ ਸਮਾਚਾਰ / GURSHARAN SINGH