


ਨਵੀਂ ਦਿੱਲੀ, 23 ਮਈ (ਹਿੰ.ਸ.)। ਕੇਰਲ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਵੀ.ਡੀ. ਸਤੀਸ਼ਨ ਨੇ ਸ਼ਨੀਵਾਰ ਨੂੰ ਨਵੀਂ ਦਿੱਲੀ ਵਿੱਚ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਦਿੱਲੀ ਦਾ ਪਹਿਲਾ ਦੌਰਾ ਹੈ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਵਾਇਨਾਡ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕਰਕੇ ਵੱਖ-ਵੱਖ ਰਾਜਨੀਤਿਕ ਅਤੇ ਸੰਗਠਨਾਤਮਕ ਮੁੱਦਿਆਂ 'ਤੇ ਚਰਚਾ ਕੀਤੀ।
ਦਿੱਲੀ ਪਹੁੰਚਣ ਤੋਂ ਬਾਅਦ, ਸਤੀਸ਼ਨ ਨੇ ਸਭ ਤੋਂ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਨਾਲ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ। ਇਸ ਤੋਂ ਬਾਅਦ, ਉਹ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਨਿਵਾਸ ਸਥਾਨ 'ਤੇ ਗਏ, ਜਿੱਥੇ ਖੜਗੇ ਨੇ ਉਨ੍ਹਾਂ ਨੂੰ ਰਵਾਇਤੀ ਪਟਕਾ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਮੁੱਖ ਮੰਤਰੀ ਬਣਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਤੋਂ ਬਾਅਦ, ਸਤੀਸ਼ਨ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਵੱਖਰੇ ਤੌਰ 'ਤੇ ਮੁਲਾਕਾਤ ਕੀਤੀ। ਪਾਰਟੀ ਸੂਤਰਾਂ ਅਨੁਸਾਰ, ਇਸ ਮੀਟਿੰਗ ਦੌਰਾਨ ਕੇਰਲ ਦੀ ਰਾਜਨੀਤਿਕ ਸਥਿਤੀ, ਰਾਜ ਸਰਕਾਰ ਦੀਆਂ ਤਰਜੀਹਾਂ ਅਤੇ ਪਾਰਟੀ ਸੰਗਠਨ ਨਾਲ ਸਬੰਧਤ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਕਾਂਗਰਸ ਲੀਡਰਸ਼ਿਪ ਨੇ ਸਤੀਸ਼ਨ ਨੂੰ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਰਾਜ ਵਿੱਚ ਸਫਲ ਸਰਕਾਰ ਦੀਆ ਸ਼ੁਭਕਾਮਨਾਵਾਂ ਦਿੱਤੀਆਂ।
ਮੁੱਖ ਮੰਤਰੀ ਸਤੀਸ਼ਨ ਨੇ ਕਾਂਗਰਸ ਲੀਡਰਸ਼ਿਪ ਨੂੰ ਰਾਜ ਸਰਕਾਰ ਦੀਆਂ ਸ਼ੁਰੂਆਤੀ ਯੋਜਨਾਵਾਂ ਅਤੇ ਪ੍ਰਸ਼ਾਸਨਿਕ ਤਰਜੀਹਾਂ ਬਾਰੇ ਵੀ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ, ਕੇਰਲ ਸਰਕਾਰ ਦੀ ਕਾਰਜ ਯੋਜਨਾ ਅਤੇ ਸੰਗਠਨਾਤਮਕ ਤਾਲਮੇਲ ਬਾਰੇ ਪਾਰਟੀ ਲੀਡਰਸ਼ਿਪ ਨਾਲ ਗੱਲਬਾਤ ਜਾਰੀ ਰਹੇਗੀ।
ਇਸ ਤੋਂ ਪਹਿਲਾਂ, ਸਤੀਸ਼ਨ ਸ਼ੁੱਕਰਵਾਰ ਦੇਰ ਰਾਤ ਦਿੱਲੀ ਪਹੁੰਚੇ ਅਤੇ ਕੇਰਲ ਭਵਨ ਵਿੱਚ ਠਹਿਰੇ। ਉਨ੍ਹਾਂ ਦੀ ਦਿੱਲੀ ਫੇਰੀ ਨੂੰ ਕਾਂਗਰਸ ਸੰਗਠਨ ਅਤੇ ਰਾਜ ਸਰਕਾਰ ਵਿਚਕਾਰ ਬਿਹਤਰ ਤਾਲਮੇਲ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਵੀਡੀ ਸਤੀਸ਼ਨ ਨੇ 18 ਮਈ ਨੂੰ ਤਿਰੂਵਨੰਤਪੁਰਮ ਦੇ ਸੈਂਟਰਲ ਸਟੇਡੀਅਮ ਵਿੱਚ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਤੋਂ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ ਸੀ। ਉਹ ਕੇਰਲ ਦੇ 13ਵੇਂ ਮੁੱਖ ਮੰਤਰੀ ਬਣੇ। ਉਨ੍ਹਾਂ ਦੇ ਨਾਲ 20 ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ ਸੀ।
ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਕਈ ਸੀਨੀਅਰ ਪਾਰਟੀ ਆਗੂ ਮੌਜੂਦ ਸਨ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ, ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ।
ਕੇਰਲ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂਡੀਐਫ) ਸਰਕਾਰ ਲਗਭਗ ਦਸ ਸਾਲਾਂ ਬਾਅਦ ਸੱਤਾ ਵਿੱਚ ਵਾਪਸ ਆਈ ਹੈ। ਇਸ ਜਿੱਤ ਨੂੰ ਦੱਖਣੀ ਭਾਰਤ ਵਿੱਚ ਕਾਂਗਰਸ ਲਈ ਵੱਡੀ ਰਾਜਨੀਤਿਕ ਸਫਲਤਾ ਮੰਨਿਆ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ