
ਜਲੰਧਰ, 10 ਜੂਨ (ਹਿੰ.ਸ.)| ਨਾਗਰਿਕ-ਕੇਂਦਰਿਤ ਅਤੇ
ਤਕਨਾਲੋਜੀ ਆਧਾਰਿਤ ਪੁਲਿਸਿੰਗ ਨੂੰ ਹੋਰ ਮਜ਼ਬੂਤ ਕਰਨ ਵੱਲ ਅਹਿਮ ਕਦਮ ਚੁੱਕਦਿਆਂ ਪੰਜਾਬ ਪੁਲਿਸ
ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ, ਫਿਲੌਰ ਵਿਖੇ ਨਵੇਂ ‘ਸਾਂਝ ਸਿਟੀਜ਼ਨ ਪੋਰਟਲ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਡਾਇਰੈਕਟਰ ਜਨਰਲ
ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਗੁਰਪ੍ਰੀਤ
ਕੌਰ ਦਿਓ ਦੀ ਮੌਜੂਦਗੀ ਵਿੱਚ ਪੋਰਟਲ ਨੂੰ ਲੋਕ ਅਰਪਿਤ ਕੀਤਾ।
ਇਸ ਦੇ ਨਾਲ ਹੀ
ਡੀਜੀਪੀ ਨੇ ਪੰਜਾਬ ਪੁਲਿਸ ਮਹਿਲਾ ਮਿੱਤਰਾ ਅਤੇ ਮਹਿਲਾ ਹੈਲਪ ਡੈਸਕਾਂ ਵਿੱਚ ਤਾਇਨਾਤ ਮਹਿਲਾ
ਪੁਲਿਸ ਕਰਮਚਾਰੀਆਂ ਲਈ 93 ਇਲੈਕਟ੍ਰਿਕ ਸਕੂਟਰਾਂ ਦੇ ਬੇੜੇ ਨੂੰ ਵੀ ਹਰੀ
ਝੰਡੀ ਦਿਖਾਈ। ਇਸ ਕਦਮ ਨਾਲ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਗਤੀਸ਼ੀਲਤਾ ਵਧੇਗੀ ਅਤੇ ਸੂਬੇ ਭਰ
ਵਿੱਚ ਬਿਹਤਰ ਪੁਲਿਸ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ।
ਡੀਜੀਪੀ ਗੌਰਵ ਯਾਦਵ
ਨੇ ਦੱਸਿਆ ਕਿ ਅੱਪਗ੍ਰੇਡ ਕੀਤਾ ਗਿਆ ਸਾਂਝ ਪੋਰਟਲ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਚੱਲ ਰਹੇ 530 ਤੋਂ ਵੱਧ ਸਾਂਝ ਕੇਂਦਰਾਂ ਦੀ ਸੇਵਾ ਪ੍ਰਣਾਲੀ
ਨੂੰ ਹੋਰ ਆਧੁਨਿਕ ਬਣਾਉਂਦਾ ਹੈ। ਨਵੇਂ ਪੋਰਟਲ ਵਿੱਚ 14 ਨਵੀਆਂ ਡਿਜੀਟਲ ਸਹੂਲਤਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਆਧਾਰ-ਅਧਾਰਿਤ ਈ-ਕੇਵਾਈਸੀ, ਕਿਊਆਰ ਕੋਡ ਪ੍ਰਮਾਣਿਤ ਸਰਟੀਫਿਕੇਟ, ਡਿਜੀਟਲ ਰਸੀਦਾਂ, ਗੁੰਮ ਹੋਏ ਮੋਬਾਈਲ ਫੋਨਾਂ ਦੀ ਆਨਲਾਈਨ
ਰਿਪੋਰਟਿੰਗ, ਕਾਗਜ਼ ਰਹਿਤ ਕਿਰਾਏਦਾਰ ਤਸਦੀਕ ਪ੍ਰਣਾਲੀ, ਸੀਨੀਅਰ ਨਾਗਰਿਕਾਂ ਲਈ ਵਿਸ਼ੇਸ਼ ਸੇਵਾਵਾਂ ਅਤੇ
ਪਾਸਪੋਰਟ ਤਸਦੀਕ ਲਈ ਨਾਗਰਿਕ ਫੀਡਬੈਕ ਪ੍ਰਣਾਲੀ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ
ਪੋਰਟਲ ਦਾ ਨੈਸ਼ਨਲ ਡਿਜੀਟਲ ਪੁਲਿਸ ਰਿਪਾਜ਼ਿਟਰੀ ਨਾਲ ਏਕੀਕਰਨ ਅਤੇ ਯੂਨੀਫਾਈਡ ਪੁਲਿਸ
ਵੈਰੀਫਿਕੇਸ਼ਨ ਐਪ ਦੀ ਸ਼ੁਰੂਆਤ ਪਾਰਦਰਸ਼ੀ ਅਤੇ ਜਵਾਬਦੇਹ ਪੁਲਿਸਿੰਗ ਨੂੰ ਹੋਰ ਮਜ਼ਬੂਤ ਕਰੇਗੀ।
ਇਸ ਨਾਲ ਲੋਕਾਂ ਨੂੰ ਪੁਲਿਸ ਸੇਵਾਵਾਂ ਲਈ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਅਤੇ ਸੇਵਾਵਾਂ
ਸਿੱਧੇ ਆਨਲਾਈਨ ਉਪਲਬਧ ਹੋਣਗੀਆਂ। ਇਸ ਮੌਕੇ ਡੀਜੀਪੀ ਨੇ
‘ਸ਼ੇਰਾ’ ਅਤੇ ‘ਸ਼ਕਤੀ’ ਨਾਮਕ ਨਵੇਂ ਸਾਂਝ ਮਾਸਕਟ ਵੀ ਲਾਂਚ ਕੀਤੇ, ਜੋ ਭਾਈਚਾਰੇ ਨਾਲ ਪੰਜਾਬ ਪੁਲਿਸ ਦੇ ਦੋਸਤਾਨਾ
ਅਤੇ ਮਜ਼ਬੂਤ ਰਿਸ਼ਤਿਆਂ ਨੂੰ ਹੋਰ ਪ੍ਰੋਤਸਾਹਿਤ ਕਰਨਗੇ। ਸਮਾਗਮ ਵਿੱਚ ਜਲੰਧਰ, ਲੁਧਿਆਣਾ ਅਤੇ ਹੋਰ ਜ਼ਿਲ੍ਹਿਆਂ ਦੇ ਸੀਨੀਅਰ
ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਰਹੇ।
ਹਿੰਦੂਸਥਾਨ ਸਮਾਚਾਰ / GURSHARAN SINGH