ਪਟਿਆਲਾ ਵਿੱਚ ਸ਼ੁਰੂ ਹੋਇਆ ਪੰਜਾਬ ਦਾ ਪਹਿਲਾ ਹਾਈਬ੍ਰਿਡ ਸਫ਼ਾਈ ਮਾਡਲ
ਇੱਕ ਮਹੀਨੇ ਵਿੱਚ ਬਣੇਗਾ ਸੂਬੇ ਦਾ ਸਭ ਤੋਂ ਸਾਫ਼ ਸ਼ਹਿਰ: ਹਰਜੋਤ ਬੈਂਸ ਚੰਡੀਗੜ੍ਹ, 10 ਜੂਨ (ਹਿੰ.ਸ.)| ਪੰਜਾਬ ਸਰਕਾਰ ਨੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਪ੍ਰਬੰਧ ਨੂੰ ਆਧੁਨਿਕ ਬਣਾਉਣ ਲਈ ਇੱਕ ਨਵੀਂ ਪਹਿਲ ਕਰਦਿਆਂ ਪਟਿਆਲਾ ਵਿੱਚ ਸੂਬੇ ਦਾ ਪਹਿਲਾ ਹਾਈਬ੍ਰਿਡ ਸਫ਼ਾਈ ਮਾਡਲ ਸ਼ੁਰੂ ਕੀਤਾ ਹੈ। ਸਥਾਨਕ ਸਰਕਾਰਾ
ਸਾਫ ਸਫਾਈ ਕਰਵਾਉਂਦੇ ਹੋਏ ਮੰਤਰੀ ਹਰਜੋਤ ਸਿੰਘ ਬੈਂਸ।


ਇੱਕ ਮਹੀਨੇ ਵਿੱਚ ਬਣੇਗਾ ਸੂਬੇ ਦਾ ਸਭ ਤੋਂ ਸਾਫ਼ ਸ਼ਹਿਰ: ਹਰਜੋਤ ਬੈਂਸ

ਚੰਡੀਗੜ੍ਹ, 10 ਜੂਨ (ਹਿੰ.ਸ.)| ਪੰਜਾਬ ਸਰਕਾਰ ਨੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਪ੍ਰਬੰਧ ਨੂੰ ਆਧੁਨਿਕ ਬਣਾਉਣ ਲਈ ਇੱਕ ਨਵੀਂ ਪਹਿਲ ਕਰਦਿਆਂ ਪਟਿਆਲਾ ਵਿੱਚ ਸੂਬੇ ਦਾ ਪਹਿਲਾ ਹਾਈਬ੍ਰਿਡ ਸਫ਼ਾਈ ਮਾਡਲ ਸ਼ੁਰੂ ਕੀਤਾ ਹੈ। ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਮਾਡਲ ਦੀ ਸ਼ੁਰੂਆਤ ਕਰਦਿਆਂ ਦਾਅਵਾ ਕੀਤਾ ਕਿ ਇੱਕ ਮਹੀਨੇ ਦੇ ਅੰਦਰ ਪਟਿਆਲਾ ਨੂੰ ਪੰਜਾਬ ਦਾ ਸਭ ਤੋਂ ਸਾਫ਼ ਸ਼ਹਿਰ ਬਣਾਇਆ ਜਾਵੇਗਾ।

ਬੁੱਧਵਾਰ ਸਵੇਰੇ ਪਟਿਆਲਾ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਮੰਤਰੀ ਨੇ ਦੱਸਿਆ ਕਿ ਹਾਈਬ੍ਰਿਡ ਸਫ਼ਾਈ ਮਾਡਲ ਤਹਿਤ ਮਸ਼ੀਨੀ ਅਤੇ ਮਨੁੱਖੀ ਸਰੋਤਾਂ ਨੂੰ ਮਿਲਾ ਕੇ ਸਫ਼ਾਈ ਦੇ ਕੰਮ ਕੀਤੇ ਜਾਣਗੇ। ਇਸ ਵਿੱਚ ਘਾਹ-ਫੂਸ ਕੱਟਣ ਵਾਲੀਆਂ ਮਸ਼ੀਨਾਂ, ਸੁਪਰ-ਸਕਸ਼ਨ ਮਸ਼ੀਨਾਂ, ਸਕਰੱਬਰਜ਼, ਹੱਥੀਂ ਕੂੜਾ ਇਕੱਠਾ ਕਰਨ ਅਤੇ ਸੜਕਾਂ ਦੀ ਧੁਆਈ ਵਰਗੇ ਕਾਰਜ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਹਰ ਵਾਰਡ ਲਈ ਤਿਆਰ ਕੀਤੇ ਗਏ ਹਫ਼ਤਾਵਾਰੀ ਸਫ਼ਾਈ ਸ਼ਡਿਊਲ ਅਨੁਸਾਰ ਕੰਮ ਕਰੇਗੀ, ਜਿਸ ਨਾਲ ਸਫ਼ਾਈ ਕਾਰਜਾਂ ਵਿੱਚ ਨਿਯਮਿਤਤਾ ਅਤੇ ਪ੍ਰਭਾਵਸ਼ੀਲਤਾ ਆਵੇਗੀ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇਸ਼ ਦਾ ਸਭ ਤੋਂ ਬਿਹਤਰ ਸਫ਼ਾਈ ਮਾਡਲ ਲਾਗੂ ਕਰਨ ਵੱਲ ਅੱਗੇ ਵੱਧ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਚਾਰ-ਪੜਾਅ ਵਾਲੇ ਮਾਡਲ ਵਿੱਚ ਪਹਿਲਾਂ ਝਾੜੀਆਂ ਅਤੇ ਘਾਹ-ਫੂਸ ਦੀ ਮਸ਼ੀਨੀ ਕਟਾਈ, ਫਿਰ ਹੱਥੀਂ ਕੂੜਾ ਇਕੱਠਾ ਕਰਨਾ, ਉਸ ਤੋਂ ਬਾਅਦ ਸੁਪਰ-ਸਕਸ਼ਨ ਅਤੇ ਸਕਰੱਬਰ ਮਸ਼ੀਨਾਂ ਰਾਹੀਂ ਸਫ਼ਾਈ ਅਤੇ ਅੰਤ ਵਿੱਚ ਸੜਕਾਂ ਦੀ ਧੁਆਈ ਕੀਤੀ ਜਾਵੇਗੀ।

ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਸ਼ੁਰੂਆਤ ਹੈ ਅਤੇ ਹਰ ਹਫ਼ਤੇ ਇਸ ਵਿੱਚ ਹੋਰ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਜਤਾਇਆ ਕਿ ਜਲਦ ਹੀ ਪਟਿਆਲਾ ਦੀਆਂ ਸੜਕਾਂ ਚਮਕਦੀਆਂ ਨਜ਼ਰ ਆਉਣਗੀਆਂ।

ਉਨ੍ਹਾਂ ਸਫ਼ਾਈ ਕਰਮਚਾਰੀਆਂ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਕਿਹਾ ਕਿ ਇਹ ਮੁਹਿੰਮ ਉਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ। ਮਸ਼ੀਨਾਂ ਭਾਰੀ ਕੰਮ ਸੰਭਾਲਣਗੀਆਂ ਜਦਕਿ ਸਫ਼ਾਈ ਕਰਮਚਾਰੀ ਬਾਰੀਕੀ ਨਾਲ ਸਫ਼ਾਈ ਯਕੀਨੀ ਬਣਾਉਣਗੇ। ਇਸ ਨਾਲ ਕਰਮਚਾਰੀਆਂ ਦੀ ਸਖ਼ਤ ਮਿਹਨਤ ਘਟੇਗੀ ਅਤੇ ਕਾਰਜਕੁਸ਼ਲਤਾ ਵਿੱਚ ਵਾਧਾ ਹੋਵੇਗਾ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਟਿਆਲਾ ਵਿੱਚ ਇਸ ਮਾਡਲ ਦੀ ਸਫ਼ਲਤਾ ਤੋਂ ਬਾਅਦ ਇਸ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਪੰਜਾਬ ਨੂੰ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸੂਬਿਆਂ ਵਿੱਚ ਸ਼ਾਮਲ ਕਰਨਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande