
ਮੋਹਾਲੀ, 26 ਜੂਨ (ਹਿੰ.ਸ.)|
ਮੋਹਾਲੀ ਜ਼ਿਲ੍ਹੇ ਦੀ ਲਾਲੜੂ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਵਾਈਸ
ਪ੍ਰਧਾਨ ਅਤੇ ਵਾਈਸ ਪ੍ਰਧਾਨ ਦੇ ਤਿੰਨੋਂ ਮਹੱਤਵਪੂਰਨ ਅਹੁਦਿਆਂ ਲਈ ਸਰਬਸੰਮਤੀ ਨਾਲ ਬਿਨਾਂ
ਮੁਕਾਬਲੇ ਚੋਣ ਹੋ ਗਈ। ਇਸ ਨਾਲ ਲਾਲੜੂ ਨਗਰ ਕੌਂਸਲ ਨੂੰ ਹੁਣ ਸਥਾਈ ਬੋਰਡ ਮਿਲ ਗਿਆ ਹੈ। ਇਸ
ਕਾਰਨ ਸ਼ਹਿਰ ਦੇ ਲੰਬੇ ਸਮੇਂ ਤੋਂ ਪੈਂਡਿੰਗ ਵਿਕਾਸ ਕਾਰਜਾਂ ਅਤੇ ਨਾਗਰਿਕ ਸਹੂਲਤਾਂ ਨਾਲ ਜੁੜੇ
ਵੱਡੇ ਫੈਸਲਿਆਂ ਵਿੱਚ ਤੇਜ਼ੀ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ। ਚੋਣ ਪ੍ਰਕਿਰਿਆ ਐੱਸਡੀਐੱਮ ਅਤੇ ਚੋਣ ਅਧਿਕਾਰੀ ਅਮਿਤ ਗੁਪਤਾ ਦੀ
ਨਿਗਰਾਨੀ ਹੇਠ ਹੋਈ, ਜਦਕਿ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ (ਈਓ) ਅਸ਼ੋਕ ਪਰਹੀਆ ਨੇ
ਸਕੱਤਰ ਦੀ ਭੂਮਿਕਾ ਨਿਭਾਈ।
ਮੀਟਿੰਗ ਦੀ ਸ਼ੁਰੂਆਤ ਦੌਰਾਨ ਆਮ ਆਦਮੀ ਪਾਰਟੀ ਦੀ ਸੀਨੀਅਰ ਮਹਿਲਾ
ਕੌਂਸਲਰ ਮਹਿਮਾ ਸ਼ਰਮਾ ਨੇ ਤਿੰਨੋਂ ਅਹੁਦਿਆਂ ਲਈ ਨਾਮ ਸਦਨ ਦੇ ਸਾਹਮਣੇ ਰੱਖੇ। ਮੌਜੂਦ ਸਾਰੇ
ਕੌਂਸਲਰਾਂ ਨੇ ਇਨ੍ਹਾਂ ਪ੍ਰਸਤਾਵਾਂ ਨੂੰ ਇਕਮਤ ਨਾਲ ਮਨਜ਼ੂਰੀ ਦੇ ਦਿੱਤੀ। ਕਿਸੇ ਵੀ ਅਹੁਦੇ ਲਈ ਵਿਰੋਧੀ ਧਿਰ ਜਾਂ ਕਿਸੇ ਹੋਰ ਕੌਂਸਲਰ ਵੱਲੋਂ ਕੋਈ
ਦੂਜਾ ਨਾਮ ਪੇਸ਼ ਨਾ ਹੋਣ ਕਾਰਨ ਚੋਣ ਪ੍ਰਕਿਰਿਆ ਬਿਨਾਂ ਮੁਕਾਬਲੇ ਪੂਰੀ ਹੋ ਗਈ।ਲਾਲੜੂ ਨਗਰ ਕੌਂਸਲ ਦੇ ਨਵੇਂ ਅਹੁਦੇਦਾਰ ਪ੍ਰਧਾਨ ਵਜੋਂ ਜ਼ੋਰਾਵਰ ਸਿੰਘ (ਅਨੁਸੂਚਿਤ ਜਾਤੀ ਲਈ ਰਾਖਵਾਂ ਅਹੁਦਾ), ਸੀਨੀਅਰ ਵਾਈਸ ਪ੍ਰਧਾਨ ਵਜੋਂ ਹਰੀਸ਼ ਮਦਾਨ ਅਤੇ ਵਾਈਸ ਪ੍ਰਧਾਨ ਵਜੋਂ ਅਮਨ ਰਾਣਾ ਨੂੰ ਸਰਬਸੰਮਤੀ ਨਾਲ ਬਿਨਾਂ ਮੁਕਾਬਲੇ ਚੁਣਿਆ ਗਿਆ।
ਇਸ ਮੌਕੇ ਡੇਰਾਬੱਸੀ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ
ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲਾਲੜੂ ਨਗਰ ਕੌਂਸਲ ਨੂੰ ਹੁਣ
ਇੱਕ ਮਜ਼ਬੂਤ ਅਤੇ ਆਪਸੀ ਤਾਲਮੇਲ ਵਾਲੀ ਟੀਮ ਮਿਲੀ ਹੈ, ਜੋ ਸ਼ਹਿਰ ਦੇ ਵਿਕਾਸ
ਨੂੰ ਨਵੀਂ ਗਤੀ ਦੇਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ
ਸਰਕਾਰ ਦੀ ਤਰਜੀਹ ਹਰ ਨਾਗਰਿਕ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਅਤੇ ਨਵੀਂ
ਕੌਂਸਲ ਇਸੇ ਦਿਸ਼ਾ ਵਿੱਚ ਕੰਮ ਕਰੇਗੀ।
ਨਵੇਂ ਚੁਣੇ ਗਏ ਪ੍ਰਧਾਨ ਜ਼ੋਰਾਵਰ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਪ੍ਰਬੰਧ ਨੂੰ
ਮਜ਼ਬੂਤ ਕਰਨਾ, ਸ਼ੁੱਧ ਪੀਣ ਵਾਲਾ ਪਾਣੀ, ਪੱਕੀਆਂ ਸੜਕਾਂ,
ਸਟਰੀਟ ਲਾਈਟਾਂ ਅਤੇ ਹੋਰ ਮੁੱਢਲੀਆਂ ਸਹੂਲਤਾਂ ਹਰ ਵਾਰਡ ਤੱਕ ਪਹੁੰਚਾਉਣਾ ਉਨ੍ਹਾਂ ਦੀ ਪਹਿਲੀ
ਤਰਜੀਹ ਹੋਵੇਗੀ।
ਉਨ੍ਹਾਂ ਕਿਹਾ ਕਿ ਉਹ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਬਿਨਾਂ ਕਿਸੇ
ਭੇਦਭਾਵ ਦੇ ਲਾਲੜੂ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾਉਣਗੇ। ਨਵੇਂ ਚੁਣੇ ਗਏ
ਅਹੁਦੇਦਾਰਾਂ ਦਾ ਫੁੱਲਾਂ ਦੇ ਹਾਰਾਂ ਅਤੇ ਮਿੱਠਾਈਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਹਿਰ ਦੇ
ਕਈ ਪਤਵੰਤੇ ਲੋਕ ਅਤੇ ਵੱਖ-ਵੱਖ ਵਾਰਡਾਂ ਦੇ ਕੌਂਸਲਰ ਵੀ ਮੌਜੂਦ ਰਹੇ।
ਹਿੰਦੂਸਥਾਨ ਸਮਾਚਾਰ / GURSHARAN SINGH