
258 ਗ੍ਰਾਮ ਹੈਰੋਇਨ, ਕਾਰ ਅਤੇ ਦੇਸੀ ਰਿਵਾਲਵਰ ਬਰਾਮਦ; ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ
ਬਠਿੰਡਾ, 03 ਜੂਨ (ਹਿੰ.ਸ.)| ਬਠਿੰਡਾ ਪੁਲਿਸ ਨੇ ਇੱਕ ਸੰਗਠਿਤ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 258 ਗ੍ਰਾਮ ਹੈਰੋਇਨ, ਇੱਕ ਕਾਰ, ਇੱਕ ਦੇਸੀ ਰਿਵਾਲਵਰ ਅਤੇ 19 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਫੂਲ ਦੀ ਪੁਲਿਸ ਟੀਮ ਨੂੰ ਇਹ ਸਫ਼ਲਤਾ ਚੈਕਿੰਗ ਦੌਰਾਨ ਮਿਲੀ। ਪੁਲਿਸ ਨੇ ਇੱਕ ਇਟਿਓਸ ਕਾਰ ਨੂੰ ਰੋਕ ਕੇ ਤਲਾਸ਼ੀ ਲਈ, ਜਿਸ ਦੌਰਾਨ ਤਿੰਨ ਨੌਜਵਾਨਾਂ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਮੁੱਢਲੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਜਾਂਚ ਦਾ ਦਾਇਰਾ ਵਧਾਉਂਦਿਆਂ ਕੁੱਲ 258 ਗ੍ਰਾਮ ਹੈਰੋਇਨ, ਇੱਕ ਦੇਸੀ ਰਿਵਾਲਵਰ ਅਤੇ 19 ਜ਼ਿੰਦਾ ਕਾਰਤੂਸ ਬਰਾਮਦ ਕੀਤੇ।
ਅਗਲੇਰੀ ਜਾਂਚ ਦੌਰਾਨ ਪੁਲਿਸ ਨੇ ਰਾਜਸਥਾਨ ਦੇ ਪਿੰਡ ਸ਼ਾਹਪੀਨੀ ਦੇ ਇੱਕ ਹੋਰ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਚਾਰੇ ਮੁਲਜ਼ਮ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ ਅਤੇ ਉਨ੍ਹਾਂ ਦੀ ਉਮਰ 23 ਤੋਂ 28 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਸਾਰੇ ਮੁਲਜ਼ਮ ਬੇਰੁਜ਼ਗਾਰ ਹਨ ਅਤੇ ਜਲਦੀ ਪੈਸਾ ਕਮਾਉਣ ਦੇ ਲਾਲਚ ਵਿੱਚ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜ ਗਏ ਸਨ।
ਐਸਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗਸ਼ਤ ਦੌਰਾਨ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਾ ਤਸਕਰੀ ਦੇ ਪੂਰੇ ਨੈੱਟਵਰਕ ਅਤੇ ਇਸ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਪੁਲਿਸ ਅਧਿਕਾਰੀਆਂ ਅਨੁਸਾਰ ਇਸ ਮਾਮਲੇ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਖ਼ਿਲਾਫ਼ ਪਹਿਲਾਂ ਤੋਂ ਹੀ ਦੋ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਅਤੇ ਹਥਿਆਰ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH