
ਮਾਨਸਾ, 13 ਜੁਲਾਈ (ਹਿੰ.ਸ.)| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਵੱਲੋਂ ਬੱਚਿਆਂ ਨੂੰ ਗੁਰਬਾਣੀ, ਗੁਰਮਤਿ ਸਿਧਾਂਤਾਂ, ਸਿੱਖ ਇਤਿਹਾਸ ਅਤੇ ਸਿੱਖੀ ਨਾਲ ਜੋੜਨ ਦੇ ਉਦੇਸ਼ ਨਾਲ ਲਗਾਏ ਗਏ ਗੁਰਮਤਿ ਸਿਖਲਾਈ ਕੈਂਪਾਂ ਦਾ ਹਲਕਾ ਜੋਗਾ ਵਿੱਚ ਸਮਾਪਨ ਹੋ ਗਿਆ। ਇੱਕ ਮਹੀਨੇ ਤੱਕ ਚੱਲੇ ਇਨ੍ਹਾਂ ਕੈਂਪਾਂ ਦਾ ਅੰਤਿਮ ਸਮਾਗਮ ਗੁਰਦੁਆਰਾ ਭਾਈ ਬਹਿਲੋ ਜੀ, ਫਫੜੇ ਭਾਈਕੇ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਦੇ ਰੂਪ ਵਿੱਚ ਕਰਵਾਇਆ ਗਿਆ।
ਇਹ ਗੁਰਮਤਿ ਕੈਂਪ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸਰਦਾਰ ਗੁਰਪ੍ਰੀਤ ਸਿੰਘ ਝੱਬਰ ਦੇ ਵਿਸ਼ੇਸ਼ ਯਤਨਾਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਹਲਕਾ ਜੋਗਾ ਦੇ 53 ਪਿੰਡਾਂ ਵਿੱਚ 64 ਕੇਂਦਰਾਂ ’ਤੇ ਲਗਾਏ ਗਏ ਸਨ। ਇਨ੍ਹਾਂ ਕੈਂਪਾਂ ਵਿੱਚ 3500 ਤੋਂ ਵੱਧ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਕੈਂਪਾਂ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਧਾਰਮਿਕ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ 540 ਬੱਚਿਆਂ ਦੀ ਗੁਰਮਤਿ ਸਿੱਖਿਆ ਸਬੰਧੀ ਲਿਖਤੀ ਪ੍ਰੀਖਿਆ ਲਈ ਗਈ। ਪ੍ਰੀਖਿਆ ਵਿੱਚ ਮੋਹਰੀ ਰਹਿਣ ਵਾਲੇ ਬੱਚਿਆਂ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੱਚੇ ਕੌਮ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਗੁਰਮਤਿ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਉਦੇਸ਼ ਨੂੰ ਪੂਰਾ ਕਰਨ ਲਈ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਵਿੱਚ ਗੁਰਮਤਿ ਕੈਂਪ ਲਗਾਏ ਜਾਂਦੇ ਹਨ। ਇਸ ਮੌਕੇ ਸਰਦਾਰ ਗੁਰਪ੍ਰੀਤ ਸਿੰਘ ਝੱਬਰ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਪ੍ਰਮੁੱਖ ਵਿਅਕਤੀਆਂ, ਇਲਾਕੇ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਗ੍ਰੰਥੀ ਸਿੰਘਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਨੂੰ ਸਫਲ ਬਣਾਉਣ ਲਈ ਉਨ੍ਹਾਂ ਵੱਲੋਂ ਘਰ-ਘਰ ਜਾ ਕੇ ਬੱਚਿਆਂ ਅਤੇ ਮਾਪਿਆਂ ਨੂੰ ਇਸ ਧਾਰਮਿਕ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਗ੍ਰੰਥੀ ਸਿੰਘਾਂ ਨੂੰ ਦਸਤਾਰਾਂ ਅਤੇ ਨਕਦ ਰਾਸ਼ੀ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਗੱਤਕਾ ਟੀਮਾਂ ਨੇ ਆਪਣੀ ਕਲਾ ਦੇ ਸ਼ਾਨਦਾਰ ਜੌਹਰ ਦਿਖਾਏ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਗਿਆਨੀ ਟੇਕ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਣੇ ਸੁੰਦਰ ਫੁਹਾਰੇ ਦਾ ਉਦਘਾਟਨ ਵੀ ਕੀਤਾ।
ਹਿੰਦੂਸਥਾਨ ਸਮਾਚਾਰ / GURSHARAN SINGH