
ਬਠਿੰਡਾ, 16 ਜੁਲਾਈ (ਹਿੰ.ਸ.)| ਬਠਿੰਡਾ ਪੁਲਿਸ ਨੇ ‘ਆਪ੍ਰੇਸ਼ਨ ਪ੍ਰਹਾਰ’ ਤਹਿਤ ਵੱਡੀ ਕਾਰਵਾਈ ਕਰਦਿਆਂ ਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਗੈਂਗ ਨਾਲ ਜੁੜੇ ਬਦਮਾਸ਼ ਜਸਪਾਲ ਸਿੰਘ ਜੱਸੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ ਇੱਕ ਵਿਦੇਸ਼ੀ ਗਲੌਕ ਪਿਸਤੌਲ ਸਮੇਤ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਹਨ। ਡੀਐੱਸਪੀ ਸੰਦੀਪ ਸਿੰਘ ਨੇ ਦੱਸਿਆ ਕਿ ਬਠਿੰਡਾ ਪੁਲਿਸ ਦੀ ਸੀਆਈਏ ਸਟਾਫ਼-1 ਟੀਮ ਵੱਲੋਂ ਬਦਮਾਸ਼ਾਂ ਖ਼ਿਲਾਫ਼ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤਹਿਤ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਗਈ ਗਲੌਕ 9 ਐੱਮਐੱਮ ਪਿਸਤੌਲ ਸੋਨੂੰ ਖੱਤਰੀ ਗੈਂਗ ਵੱਲੋਂ ਹੀ ਜਸਪਾਲ ਸਿੰਘ ਨੂੰ ਮੁਹੱਈਆ ਕਰਵਾਈ ਗਈ ਸੀ।ਪੁਲਿਸ ਅਨੁਸਾਰ ਮੁਲਜ਼ਮ ਜਸਪਾਲ ਸਿੰਘ ਕੋਲੋਂ 20 ਲੱਖ ਰੁਪਏ ਕੀਮਤ ਦੀ ਗਲੌਕ 9 ਐੱਮਐੱਮ ਪਿਸਤੌਲ, ਇੱਕ .30 ਬੋਰ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਜਸਪਾਲ ਸਿੰਘ ਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਨਾਲ ਜੁੜਿਆ ਹੋਇਆ ਹੈ ਅਤੇ ਉਸ ਖ਼ਿਲਾਫ਼ ਸਾਲ 2018 ਤੋਂ ਹੁਣ ਤੱਕ 13 ਅਪਰਾਧਿਕ ਮਾਮਲੇ ਦਰਜ ਹਨ।ਪੁਲਿਸ ਮੁਤਾਬਕ ਜਸਪਾਲ ਸਿੰਘ ਪੇਸ਼ੇ ਤੋਂ ਪ੍ਰੋਫੈਸਰ ਹੈ, ਪਰ ਉਸ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਡੀਐੱਸਪੀ ਸੰਦੀਪ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਗੈਂਗਸਟਰਾਂ ਤੋਂ ਦੂਰ ਰਹਿਣ, ਕਿਉਂਕਿ ਇਹ ਲੋਕ ਨੌਜਵਾਨਾਂ ਨੂੰ ਅਪਰਾਧਿਕ ਗਤੀਵਿਧੀਆਂ ਲਈ ਵਰਤਦੇ ਹਨ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ।ਪੁਲਿਸ ਵੱਲੋਂ ਜਸਪਾਲ ਸਿੰਘ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿਸਤੌਲ ਕਿੱਥੋਂ ਲਿਆਂਦੀ ਗਈ ਸੀ, ਕਿਸ ਨੂੰ ਸਪਲਾਈ ਕੀਤੀ ਜਾਣੀ ਸੀ ਅਤੇ ਕਿਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਜਾ ਰਹੀ ਸੀ। ਪੁਲਿਸ ਨੂੰ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH