
ਪੰਚਕੂਲਾ, 24 ਜੁਲਾਈ (ਹਿੰ.ਸ.)| ਐਮਡੀਸੀ ਖੇਤਰ ਵਿੱਚ ਜੂਸ ਵਿਕਰੇਤਾ ਕਪਿਲ ਦੇ ਕਤਲ ਮਾਮਲੇ ਵਿੱਚ ਪੰਚਕੂਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਵਿਵੇਕ ਅਤੇ ਉਸ ਦੇ ਸਾਥੀ ਸੰਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਵਾਂ ਨੂੰ ਰਿਸ਼ੀਕੇਸ਼ ਤੋਂ ਕਾਬੂ ਕੀਤਾ ਹੈ। ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਪੁਲਿਸ ਰਿਮਾਂਡ ਦੌਰਾਨ ਕਤਲ ਵਿੱਚ ਵਰਤੇ ਗਏ ਚਾਕੂ ਦੀ ਬਰਾਮਦਗੀ ਅਤੇ ਵਾਰਦਾਤ ਨਾਲ ਜੁੜੇ ਹੋਰ ਤੱਥਾਂ ਦੀ ਜਾਂਚ ਕੀਤੀ ਜਾਵੇਗੀ।ਪੁਲਿਸ ਮੁਤਾਬਕ ਮੁੱਖ ਮੁਲਜ਼ਮ ਵਿਵੇਕ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅੰਬਾਲਾ ਰਾਹੀਂ ਰੇਲ ਗੱਡੀ ਵਿੱਚ ਰਿਸ਼ੀਕੇਸ਼ ਫਰਾਰ ਹੋ ਗਿਆ ਸੀ। ਫਰਾਰੀ ਦੌਰਾਨ ਉਸ ਨੇ ਆਪਣਾ ਵਟਸਐਪ ਚਾਲੂ ਕੀਤਾ, ਜਿਸ ਦੇ ਆਧਾਰ ’ਤੇ ਪੁਲਿਸ ਨੇ ਉਸ ਦੀ ਲੋਕੇਸ਼ਨ ਟ੍ਰੇਸ ਕੀਤੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਹੈ ਕਿ ਵਿਵੇਕ ਅਤੇ ਕਪਿਲ ਪਹਿਲਾਂ ਇੱਕੋ ਮਕੈਨਿਕ ਦੀ ਦੁਕਾਨ ’ਤੇ ਕੰਮ ਕਰਦੇ ਸਨ। ਬਾਅਦ ਵਿੱਚ ਨੌਕਰੀ ਛੱਡਣ ਅਤੇ ਜਿਮ ਵਿੱਚ ਬਾਡੀ ਸ਼ੇਮਿੰਗ ਨੂੰ ਲੈ ਕੇ ਦੋਵਾਂ ਵਿਚਕਾਰ ਰੰਜਿਸ਼ ਪੈਦਾ ਹੋ ਗਈ ਸੀ।ਪੁਲਿਸ ਅਨੁਸਾਰ ਵਾਰਦਾਤ ਤੋਂ ਦੋ ਦਿਨ ਪਹਿਲਾਂ ਵੀ ਦੋਵਾਂ ਵਿਚਕਾਰ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਸਮਝੌਤੇ ਲਈ ਇੱਕ ਮੀਟਿੰਗ ਬੁਲਾਈ ਗਈ ਸੀ, ਪਰ ਗੱਲਬਾਤ ਦੌਰਾਨ ਵਿਵਾਦ ਵਧ ਗਿਆ ਅਤੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ।ਇਸ ਦੌਰਾਨ ਮੁਲਜ਼ਮਾਂ ਨੇ ਕਪਿਲ ’ਤੇ ਚਾਕੂ ਨਾਲ ਕਈ ਵਾਰ ਕਰ ਦਿੱਤੇ। ਗੰਭੀਰ ਰੂਪ ਵਿੱਚ ਜ਼ਖ਼ਮੀ ਕਪਿਲ ਨੂੰ ਤੁਰੰਤ ਸੈਕਟਰ-6 ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੰਚਕੂਲਾ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਵਾਰਦਾਤ ਨਾਲ ਜੁੜੇ ਹੋਰ ਤੱਥਾਂ ਨੂੰ ਸਾਹਮਣੇ ਲਿਆਉਣ ਲਈ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH